Telegram 'ਤੇ ਲੱਗ ਗਈ ਪਾਬੰਦੀ ! ਰੂਸ ਦਾ ਕਹਿਣੈ 'ਅੱਤਵਾਦ ਤੇ ਸਾਈਬਰ ਧੋਖਾਧੜੀ ਨੂੰ ਮਿਲ ਰਿਹੈ ਹੁਲਾਰਾ'
Wednesday, Jul 29, 2026 - 03:21 PM (IST)
ਗੈਜੇਟ ਡੈਸਕ - ਰੂਸ ਦੀ ਮੁੱਖ ਅੰਦਰੂਨੀ ਸੁਰੱਖਿਆ ਏਜੰਸੀ ਨੇ ਬੁੱਧਵਾਰ ਨੂੰ ਕਿਹਾ ਕਿ ਮੈਸੇਜਿੰਗ ਐਪ ਟੈਲੀਗ੍ਰਾਮ ਦੇ ਸੰਸਥਾਪਕ ਪਾਵੇਲ ਦੁਰੋਵ 'ਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਦੌਰਾਨ ਏਜੰਸੀ ਨੇ ਦੁਰੋਵ ਦਾ ਨਾਮ ਵੀ ਅੰਤਰਰਾਸ਼ਟਰੀ ਵਾਂਟੇਡ ਸੂਚੀ 'ਚ ਸ਼ਾਮਲ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ, ਏਜੰਸੀ ਨੇ ਬੁੱਧਵਾਰ ਨੂੰ ਇੱਕ ਬਿਆਨ 'ਚ ਕਿਹਾ ਕਿ ਟੈਲੀਗ੍ਰਾਮ ਪ੍ਰਸ਼ਾਸਨ ਨੇ ਰੂਸ 'ਚ "ਬਹੁਤ ਸਾਰੇ ਚੈਨਲ, ਚੈਟ ਅਤੇ ਬੋਟ" ਨਹੀਂ ਹਟਾਏ ਹਨ ਜਿਨ੍ਹਾਂ ਦੀ ਵਰਤੋਂ ਯੂਕ੍ਰੇਨੀ ਖੁਫੀਆ ਏਜੰਸੀਆਂ, ਅੱਤਵਾਦੀ ਅਤੇ ਕੱਟੜਪੰਥੀ ਸੰਗਠਨਾਂ ਦੁਆਰਾ ਸਾਬੋਤਾਜ, ਅੱਤਵਾਦ, ਸਮੂਹਿਕ ਕਤਲੇਆਮ ਅਤੇ ਸਾਈਬਰ ਧੋਖਾਧੜੀ ਦੀਆਂ ਕਾਰਵਾਈਆਂ ਤਿਆਰ ਕਰਨ ਅਤੇ ਕਰਨ ਲਈ ਕੀਤੀ ਜਾਂਦੀ ਹੈ।
ਸੰਘੀ ਸੁਰੱਖਿਆ ਸੇਵਾ (FSB) ਰੂਸ ਦੀ ਅੰਦਰੂਨੀ ਸੁਰੱਖਿਆ ਲਈ ਜ਼ਿੰਮੇਵਾਰ ਹੈ। ਦੁਰੋਵ ਵਿਰੁੱਧ ਇਹ ਦੋਸ਼ ਉਸ ਸਮੇਂ ਲੱਗੇ ਹਨ ਜਦੋਂ ਰੂਸ ਨੇ ਦੇਸ਼ ਦੇ ਸਭ ਤੋਂ ਮਸ਼ਹੂਰ ਮੈਸੇਜਿੰਗ ਐਪਸ 'ਚੋਂ ਇਕ, ਟੈਲੀਗ੍ਰਾਮ 'ਤੇ ਪਾਬੰਦੀ ਲਗਾ ਦਿੱਤੀ ਹੈ। ਦੁਰੋਵ ਨੇ ਇਸ ਸਾਲ ਦੇ ਸ਼ੁਰੂ 'ਚ ਕਿਹਾ ਸੀ ਕਿ ਰੂਸੀ ਅਧਿਕਾਰੀਆਂ ਨੇ ਉਸਦੇ ਖਿਲਾਫ ਅਪਰਾਧਿਕ ਜਾਂਚ ਸ਼ੁਰੂ ਕੀਤੀ ਹੈ। ਉਸਨੇ ਅਧਿਕਾਰੀਆਂ 'ਤੇ "ਗੋਪਨੀਯਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ" ਦੇ ਅਧਿਕਾਰ ਨੂੰ ਦਬਾਉਣ ਦੀ ਕੋਸ਼ਿਸ਼ ਵਿੱਚ ਟੈਲੀਗ੍ਰਾਮ ਤੱਕ ਪਹੁੰਚ ਨੂੰ ਰੋਕਣ ਲਈ ਝੂਠੇ ਬਹਾਨੇ ਵਰਤਨ ਦਾ ਦੋਸ਼ ਲਗਾਇਆ।
