ਭਾਰਤ ''ਚ ਬਣੇਗਾ iPhone, ਕੀਮਤ ਹੋਵੇਗੀ ਬੇਹੱਦ ਘੱਟ

Wednesday, Dec 21, 2016 - 02:04 PM (IST)

ਜਲੰਧਰ- ਦੁਨੀਆ ਭਰ ''ਚ iPhone ਦੇ ਦੀਵਾਨਿਆਂ ਦੀ ਕੋਈ ਕਮੀਂ ਨਹੀਂ ਹੈ। ਆਈਫੋਨ ਦਾ ਕ੍ਰੇਜ਼ ਲੋਕਾਂ ''ਚ ਇੰਨਾ ਜ਼ਿਆਦਾ ਵਧਦਾ ਜਾ ਰਿਹਾ ਹੈ ਕਿ ਇਸ ਦੀ ਕੀਮਤ ਜ਼ਿਆਦਾ ਹੋਣ ਦੇ ਬਾਵਜੂਦ ਵੀ ਇਸ ਨੂੰ ਖਰੀਦਣਾ ਪਸੰਦ ਕਰਦੇ ਹਨ। ਪਰ ਹੁਣ ਬਹੁਤ ਜਲਦੀ ਹਰ ਇਕ ਭਾਰਤੀ ਦਾ ਆਈਫੋਨ ਖਰੀਦਣ ਦਾ ਸੁਪਨਾ ਪੂਰਾ ਹੋ ਜਾਵੇਗਾ ਕਿਉਂਕਿ ਅਮਰੀਕਾ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਆਪਣੇ ਪ੍ਰੋਡਕਟਸ ਨੂੰ ਭਾਰਤ ''ਚ ਬਣਾਉਣ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ। 
ਵਾਲ ਸਟਰੀਟ ਜਨਰਲ ''ਚ ਜਾਰੀ ਇਕ ਰਿਪੋਰਟ ਮੁਤਾਬਕ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਸਮਾਰਟਫੋਨ ਬਾਜ਼ਾਰ ਭਾਰਤ ''ਚ ਐਪਲ ਆਪਣੀ ਪਹੁੰਚ ਵਧਾਉਣ ਦੇ ਉਦੇਸ਼ ਨਾਲ ਸਥਾਨਕ ਪੱਧਰ ''ਤੇ ਆਪਣੇ ਪ੍ਰੋਡਕਟਸ ਦਾ ਨਿਰਮਾਣ ਕਰਨਾ ਚਾਹੁੰਦੀ ਹੈ। ਐਪਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ''ਮੇਕ ਇੰਨ ਇੰਡੀਆ'' ਪਹਿਲ ਦਾ ਲਾਭ ਉਠਾਉਣਾ ਚਾਹੁੰਦੀ ਹੈ। ਮੋਦੀ ਸਰਕਾਰ ਨੇ ਵਿਦੇਸ਼ੀ ਰਿਟੇਲਰਾਂ ਨੂੰ ਉਨ੍ਹਾਂ ਦੇ ਸਟੋਰਾਂ ''ਚ ਵੇਚੇ ਜਾਣ ਵਾਲੇ ਪ੍ਰੋਡਕਟਸ ''ਚ 30 ਫੀਸਦੀ ਸਥਾਨਕ ਪੱਧਰ ''ਤੇ ਖਰੀਦੇ ਜਾਣ ਸਬੰਧੀ ਨਿਯਮ ਨਾਲ ਬੀਤੇ ਜੂਨ ''ਚ ਹੀ ਤਿੰਨ ਸਾਲ ਲਈ ਛੋਟ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਵਿਦੇਸ਼ੀ ਕੰਪਨੀ ਹੋਣ ਕਾਰਨ ਐਪਲ ਬਾਹਰੋਂ ਦੇਸ਼ ''ਚ ਆਉਂਦਾ ਹੈ, ਜਿਸ ਲਈ ਕਰੀਬ 200 ਫੀਸਦੀ ਟੈਕਸ ਸਰਕਾਰ ਨੂੰ ਦੇਣਾ ਪੈਂਦਾ ਹੈ, ਜਿਸ ਕਾਰਨ ਆਈਫੋਨ ਦੀ ਕੀਮਤ ਜ਼ਿਆਦਾ ਹੁੰਦੀ ਹੈ। ਅਜਿਹੇ ''ਚ ਜੇਕਰ ਕੰਪਨੀ ਭਾਰਤ ''ਚ ਹੀ ਆਪਣੇ ਆਈਫੋਨ ਬਣਾਏਗੀ ਤਾਂ ਇਹ ਕਾਫੀ ਸਸਤਾ ਹੋ ਸਕਦਾ ਹੈ ਅਤੇ ਆਈਫੋਨ ਦੀ ਚਾਹ ਰੱਖਣ ਵਾਲੇ ਇਸ ਨੂੰ ਖਰੀਦਣ ਸਕਣਗੇ।

Related News