ਲੋਨ ਐਪ ‘ਕੈਸ਼ ਐਡਵਾਂਸ’ ਨੇ ਦੇਸ਼ ਭਰ ’ਚ 2000 ਲੋਕਾਂ ਨੂੰ ਠੱਗਿਆ, ਗਿਰੋਹ ਦੇ 6 ਮੈਂਬਰ ਗ੍ਰਿਫਤਾਰ

06/06/2023 4:33:17 PM

ਨਵੀਂ ਦਿੱਲੀ, (ਏਜੰਸੀ)- ਦਿੱਲੀ ਪੁਲਿਸ ਨੇ 2000 ਦੇ ਕਰੀਬ ਲੋਕਾਂ ਨੂੰ ਸ਼ਿਕਾਰ ਬਣਾਉਣ ਵਾਲੇ ਇਕ ਉਗਰਾਹੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਲੋਕਾਂ ਨੂੰ ਤਤਕਾਲ ਲੋਨ ਦਿਵਾ ਕੇ ਉਨ੍ਹਾਂ ਤੋਂ ਪੈਸੇ ਉਗਰਾਹੁੰਦਾ ਸੀ। ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਸ ਗਰੋਹ ਨੂੰ ਚਲਾ ਰਹੇ ਸਨ।

ਮੁਲਜ਼ਮਾਂ ਦੀ ਪਛਾਣ ਗੁਜਰਾਤ ਵਾਸੀ ਮੁਸਤਜਾਬ ਗੁਲਾਮ ਮੁਹੰਮਦ ਨਵੀਵਾਲਾ (32), ਅਨੀਸਭਾਈ ਅਸ਼ਰਫਭਾਈ ਨਕਸ਼ਾਵਚੀ (51) ਪੱਛਮੀ ਬੰਗਾਲ ਵਾਸੀ ਗੋਕੁਲ ਬਿਸਵਾਸ (53) ਦਿੱਲੀ ਵਾਸੀ ਅਸ਼ੋਕ (36), ਬਲਵੰਤ (39) ਅਤੇ ਨਿਤਿਨ (24) ਵਜੋਂ ਹੋਈ ਹੈ। ਇਸ ਗਰੋਹ ਨੇ ਦੇਸ਼ ਭਰ ’ਚ 1977 ਲੋਕਾਂ ਨਾਲ ਠੱਗੀ ਮਾਰੀ ਹੈ।

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਜੈ ਗੋਇਲ ਨਾਂ ਦੇ ਵਿਅਕਤੀ ਨੇ ਦੋਸ਼ ਲਗਾਇਆ ਸੀ ਕਿ ਕੁਝ ਲੋਕ ਲੋਨ ਐਪ ‘ਕੈਸ਼ ਐਡਵਾਂਸ’ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਉਨ੍ਹਾਂ ਦੇ ਮੋਬਾਈਲ ਡਾਟਾ ਨੂੰ ਐਕਸੈੱਸ ਕਰਕੇ ਲੋਕਾਂ ਨੂੰ ਤੁਰੰਤ ਲੋਨ ਪ੍ਰਦਾਨ ਕਰ ਰਹੇ ਹਨ ਅਤੇ ਫਿਰ ਕਰਜ਼ਦਾਰਾਂ ਨੂੰ ਬਲੈਕਮੇਲ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਪੈਸੇ ਵਸੂਲ ਰਹੇ ਹਨ। .

ਡਿਜੀਟਲ ਸਾਧਨਾਂ ਰਾਹੀਂ ਪੈਸੇ ਦੇਣ ਤੋਂ ਬਾਅਦ ਇਹ ਗਿਰੋਹ ਵਿਆਜ ਦਰਾਂ ਵਿੱਚ ਬਹੁਤ ਵਾਧਾ ਕਰ ਦਿੰਦਾ ਸੀ ਅਤੇ ਕਰਜ਼ਾ ਮੋੜਨ ਤੋਂ ਬਾਅਦ ਵੀ ਕਰਜ਼ਾ ਲੈਣ ਵਾਲਿਆਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਹੋਰ ਪੈਸਿਆਂ ਦੀ ਮੰਗ ਕਰਦਾ ਸੀ ਅਤੇ ਇਸ ਲਈ ਉਨ੍ਹਾਂ ਦੀਆਂ ਫੋਟੋਆਂ ਦੀ ਵਰਤੋਂ ਕਰਦਾ ਸੀ।

ਗੋਕੁਲ, ਮੁਸਤਜਾਬ, ਅਨੀਸਭਾਈ, ਅਸ਼ੋਕ ਅਤੇ ਬਲਵੰਤ ਨੇ ਕੰਪਨੀਆਂ ਰਜਿਸਟਰ ਕਰਵਾਈਆਂ ਸਨ ਅਤੇ ਆਪਣੇ ਬੈਂਕ ਖਾਤੇ ਖੋਲ੍ਹੇ ਸਨ। ਇਨ੍ਹਾਂ ਖਾਤਿਆਂ ’ਚ ਲਗਭਗ 350 ਕਰੋੜ ਰੁਪਏ ਦੀ ਰਕਮ ਦਾ ਲੈਣ-ਦੇਣ ਹੋਇਆ ਹੈ, ਜਿਸ ’ਚੋਂ 83 ਕਰੋੜ ਰੁਪਏ ਕਮਿਸ਼ਨ ਕੱਟ ਕੇ ਵੱਖ-ਵੱਖ ਵਿਅਕਤੀਆਂ ਨੂੰ ਮਾਈਕਰੋ ਲੋਨ ਦੇ ਰੂਪ ’ਚ ਮੁੜ ਵੰਡੇ ਗਏ ਸਨ।

ਨਿਤਿਨ ਪਹਿਲਾਂ ਇੱਕ ਚੀਨੀ ਲੋਨ ਐਪ ਕੰਪਨੀ ’ਚ ਟੀਮ ਲੀਡਰ ਵਜੋਂ ਕੰਮ ਕਰ ਚੁੱਕਾ ਹੈ ਅਤੇ ਲੋਨ ਐਪਸ ਦੇ ਕੰਮ ਕਰਨ ਦੇ ਤਰੀਕੇ ਅਤੇ ਰਿਕਵਰੀ ਪ੍ਰਕਿਰਿਆ ਤੋਂ ਚੰਗੀ ਤਰ੍ਹਾਂ ਜਾਣੂ ਹੈ।


Rakesh

Content Editor

Related News