ਏਲਨ ਮਸਕ ਦੀ ਐਂਟਰੀ ਤੋਂ ਬਾਅਦ, ਹੁਣ ਕੰਗਣਾ ਰਣੌਤ ਤੇ ਟਰੰਪ ਦੀ ਹੋਵੇਗੀ ਟਵਿੱਟਰ ’ਤੇ ਵਾਪਸੀ!
Friday, Oct 28, 2022 - 04:53 PM (IST)
ਗੈਜੇਟ ਡੈਸਕ– ਆਖ਼ਿਰਕਾਰ ਦੁਨੀਆ ਦੀ ਸਭ ਤੋਂ ਵੱਡੀ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਦੀ ਕਮਾਨ ਹੁਣ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਏਲਨ ਮਸਕ ਦੇ ਹੱਥਾਂ ’ਚ ਆ ਗਈ ਹੈ। ਏਲਨ ਮਸਕ ਨੇ ਕਮਾਨ ਸੰਭਾਲਦੇ ਹੀ ਸੀ.ਈ.ਓ. ਪਰਾਗ ਅਗਲਵਾਰ ਸਮੇਤ ਕਈ ਚੋਟੀ ਦੇ ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਹੈ।
ਰਿਪੋਰਟ ਮੁਤਾਬਕ, ਮਸਕ ਦੇ ਮਾਲਿਕ ਬਣਨ ਤੋਂ ਬਾਅਦ ਹੀ ਟਵਿੱਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪਰਾਗ ਅਗਰਵਾਲ ਅਤੇ ਮੁੱਖ ਵਿੱਤੀ ਅਧਿਕਾਰੀ (ਸੀ.ਐੱਫ.ਓ.) ਨੇਡ ਸੇਗਲ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਨੌਕਰੀ ਤੋਂ ਕੱਢੇ ਗਏ ਚੋਟੀ ਦੇ ਅਧਿਕਾਰੀਆਂ ’ਚ ਟਵਿੱਟਰ ਦੀ ਲੀਗਲ ਟੀਮ ਦੀ ਮੁਖੀ ਵਿਜੇ ਗੱਡੇ ਵੀ ਸ਼ਾਮਲ ਹਨ।
ਏਲਨ ਮਸਕ ਦੇ ਇਸ ਸੌਦੇ ਤੋਂ ਬਾਅਦ ਖ਼ਬਰ ਹੈ ਕਿ ਉਨ੍ਹਾਂ ਸਾਰੇ ਟਵਿੱਟਰ ਅਕਾਊਂਟਸ ਤੋਂ ਵੀ ਬੈਨ ਹਟ ਜਾਵੇਗਾ ਜਿਨ੍ਹਾਂ ਨੂੰ ਪਰਮਾਨੈਂਟ ਬੈਨ ਕੀਤਾ ਗਿਆ ਹੈ। ਇਸ ਲਿਸਟ ’ਚ ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸ਼ਾਮਲ ਹਨ। ਇਨ੍ਹਾਂ ਲੋਕਾਂ ਦੇ ਅਕਾਊਂਟ ਨੂੰ ਟਵਿੱਟਰ ਨੇ ਪਰਮਾਨੈਂਟ ਬੈਨ ਕਰ ਦਿੱਤਾ ਹੈ। ਕੰਗਣਾ ਦੇ ਅਕਾਊਂਟ ਨੂੰ ਮਈ 2021 ’ਚ ਬੰਗਾਲ ਹਿੰਸਾ ਖ਼ਿਲਾਫ ਇਕ ਟਵੀਟ ਨੂੰ ਲੈ ਕੇ ਬੈਨ ਕੀਤਾ ਗਿਆ ਸੀ।