ਅਚਾਨਕ ਕਰੰਟ ਮਾਰਨ ਲੱਗਾ iPhone! ਕਈ ਯੂਜ਼ਰਜ਼ ਕਰ ਰਹੇ ਸ਼ਿਕਾਇਤ
Monday, Jan 13, 2025 - 05:18 PM (IST)
ਗੈਜੇਟ ਡੈਸਕ- iPhone 16 ਦੇ ਯੂਜ਼ਰਜ਼ ਇਨ੍ਹੀਂ ਦਿਨੀਂ ਇੱਕ ਅਜੀਬ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਕਈ ਯੂਜ਼ਰਜ਼ ਨੇ ਸ਼ਿਕਾਇਤ ਕੀਤੀ ਹੈ ਕਿ ਫੋਨ ਚਾਰਜ ਕਰਦੇ ਸਮੇਂ ਉਨ੍ਹਾਂ ਨੂੰ ਕਰੰਟ ਦੇ ਝਟਕੇ ਲੱਗ ਰਹੇ ਹਨ। ਇਹ ਮੁੱਦਾ ਆਮ ਨਹੀਂ ਹੈ ਕਿਉਂਕਿ ਵੱਖ-ਵੱਖ ਯੂਜ਼ਰਜ਼ ਨੇ ਇਸਨੂੰ ਐਪਲ ਦੇ ਕਮਿਊਨਿਟੀ ਡਿਸਕਸ਼ਨ ਪੇਜ 'ਤੇ ਉਠਾਇਆ ਹੈ। ਯੂਜ਼ਰਜ਼ ਨੇ ਦੱਸਿਆ ਕਿ ਕਰੰਟ ਲੱਗਣ ਦੀਆਂ ਘਟਨਾਵਾਂ ਫੋਨ ਦੇ 'ਐਕਸ਼ਨ ਬਟਨ' ਅਤੇ 'ਕੈਮਰਾ ਕੰਟਰੋਲ ਬਟਨ' ਰਾਹੀਂ ਹੋ ਰਹੀਆਂ ਹਨ।
ਚਾਰਜਿੰਗ ਦੌਰਾਨ ਹੋ ਰਹੀ ਸਮੱਸਿਆ
ਮੀਡੀਆ ਰਿਪੋਰਟਾਂ ਅਨੁਸਾਰ, ਕਰੰਟ ਲੱਗਣ ਦੀਆਂ ਘਟਨਾਵਾਂ ਜ਼ਿਆਦਾਤਰ ਚਾਰਜਿੰਗ ਦੌਰਾਨ ਹੋ ਰਹੀਆਂ ਹਨ। ਆਈਫੋਨ 16 ਸੀਰੀਜ਼ ਵਿੱਚ ਪਹਿਲੀ ਵਾਰ ਕੈਮਰਾ ਬਟਨ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਬਟਨ ਨੂੰ ਲੈ ਕੇ ਜ਼ਿਆਦਾ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ।
ਯੂਜ਼ਰਜ਼ ਦੀਆਂ ਸ਼ਿਕਾਇਤਾਂ
ਬਹੁਤ ਸਾਰੇ ਯੂਜ਼ਰਜ਼ ਨੇ ਐਪਲ ਦੇ ਕਮਿਊਨਿਟੀ ਡਿਸਕਸ਼ਨ ਪੇਜ 'ਤੇ ਇਸ ਸਮੱਸਿਆ ਸੰਬੰਧੀ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਇੱਕ ਯੂਜ਼ਰ ਨੇ ਲਿਖਿਆ, "ਮੈਂ ਇੱਕ ਹਫ਼ਤਾ ਪਹਿਲਾਂ ਆਈਫੋਨ 16 ਖਰੀਦਿਆ ਸੀ। ਹਰ ਵਾਰ ਜਦੋਂ ਮੈਂ ਇਸਨੂੰ ਚਾਰਜ ਕਰਦਾ ਹਾਂ, ਮੈਨੂੰ ਕੈਮਰੇ ਦੇ ਬਟਨ ਤੋਂ ਕਰੰਟ ਦਾ ਝਟਕਾ ਲੱਗਦਾ ਹੈ। ਇਹ ਬਹੁਤ ਪਰੇਸ਼ਾਨ ਕਰਨ ਵਾਲਾ ਅਤੇ ਦਰਦਨਾਕ ਹੈ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਆਈਫੋਨ 16 ਪ੍ਰੋ ਚਾਰਜ ਕਰਦੇ ਸਮੇਂ ਮੈਨੂੰ ਕਰੰਟ ਲੱਗਿਆ ਅਤੇ ਹੁਣ ਮੇਰੀ ਉਂਗਲੀ 'ਚ ਅਸਰ ਹੈ। ਇਹ ਬਹੁਤ ਖ਼ਤਰਨਾਕ ਸਥਿਤੀ ਹੈ।"
ਐਪਲ ਐਕਸੈਸਰੀਜ਼ ਦੀ ਵਰਤੋਂ ਕਰਨ 'ਤੇ ਵੀ ਲੱਗ ਰਿਹਾ ਕਰੰਟ
ਐਪਲ ਦੀ ਅਧਿਕਾਰਤ ਐਕਸੈਸਰੀਜ਼ ਦੀ ਵਰਤੋਂ ਕਰਨ 'ਤੇ ਵੀ ਕਰੰਟ ਲੱਗ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ, 'ਮੈਂ ਐਪਲ ਸਪੋਰਟ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਅਧਿਕਾਰਤ ਚਾਰਜਿੰਗ ਫਰਾਡ ਇਸਤੇਮਾਲ ਕਰਨ ਦੀ ਸਲਾਹ ਦਿੱਤੀ। ਮੈਂ ਐਪਲ ਤੋਂ ਕੌਰਡ ਮੰਗਵਾਇਆ ਪਰ ਸਮੱਸਿਆ ਫਿਰ ਵੀ ਬਣੀ ਰਹੀ। ਮੈਨੂੰ ਲਗਦਾ ਹੈ ਕਿ ਕੰਪਨੀ ਨੂੰ ਇਸ ਮਾਮਲੇ 'ਚ ਤੁਰੰਤ ਕਦਮ ਚੁੱਕਣ ਦੀ ਲੋੜ ਹੈ।'
ਐਪਲ ਦਾ ਅਜੇ ਤਕ ਕੋਈ ਜਵਾਬ ਨਹੀਂ
ਐਪਲ ਦੇ ਸੇਫਟੀ ਇਨਫਾਰਮੇਸ਼ਨ ਪੇਜ 'ਤੇ ਲਿਖਿਆ ਹੈ ਕਿ ਫੋਨ ਨੂੰ ਅੱਗ, ਕਰੰਟ ਅਤੇ ਨੁਕਸਾਨ ਤੋਂ ਬਚਾਉਣ ਲਈ ਹਮੇਸ਼ਾ ਅਧਿਕਾਰਤ ਚਾਰਜਿੰਗ ਐਕਸੈਸਰੀਜ਼ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਹਾਲਾਂਕਿ, ਕਰੰਟ ਲੱਗਣ ਦੀਆਂ ਘਟਨਾਵਾਂ 'ਤੇ ਕੰਪਨੀ ਵੱਲੋਂ ਅਜੇ ਤਕ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ।