ਬਦਲਣ ਵਾਲਾ ਹੈ ਤੁਹਾਡਾ ਐਂਡਰਾਇਡ ਫੋਨ, ਜਲਦ ਮਿਲੇਗਾ iPhone ਵਾਲਾ ਇਹ ਖਾਸ ਫੀਚਰ
Tuesday, Jan 07, 2025 - 04:58 PM (IST)
ਗੈਜੇਟ ਡੈਸਕ- ਕਈ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਹੁਣ ਅਜਿਹਾ ਲਗਦਾ ਹੈ ਕਿ ਐਂਡਰਾਇਡ ਫੋਨ ਆਖਿਰਕਾਰ ਐਪਲ ਦੇ MagSafe ਵਾਇਰਲੈੱਸ ਚਾਰਜਿੰਗ ਦੇ ਸਮਾਨ ਪੱਧਰ 'ਤੇ ਪਹੁੰਚ ਰਹੇ ਹਨ। ਵਾਇਰਲੈੱਸ ਪਾਵਰ ਕੰਸੋਰਟੀਅਮ (WPC) ਨੇ ਪੁਸ਼ਟੀ ਕੀਤੀ ਹੈ ਕਿ Qi2 ਵਾਇਰਲੈੱਸ ਚਾਰਜਿੰਗ ਐਂਡਰਾਇਡ ਫੋਨਾਂ 'ਤੇ ਆ ਰਹੀ ਹੈ, ਜਿਸ ਵਿਚ ਸੈਮਸੰਗ ਅਤੇ ਗੂਗਲ ਸਭ ਤੋਂ ਅੱਗੇ ਹਨ। CES 2025 'ਚ ਇਸ ਐਲਾਨ ਨੇ ਉਨ੍ਹਾਂ ਪ੍ਰਸ਼ੰਸਕਾਂ ਲਈ ਉਤਸ਼ਾਹ ਵਧਾ ਦਿੱਤਾ ਹੈ ਜੋ ਲੰਬੇ ਸਮੇਂ ਤੋਂ ਐਂਡਰਾਇਡ ਸਮਾਰਟਫੋਨਾਂ ਵਿਚ Qi2 ਵਾਇਰਲੈੱਸ ਚਾਰਜਿੰਗ ਸਟੈਂਡਰਡ ਦੀ ਉਡੀਕ ਕਰ ਰਹੇ ਹਨ।
Qi2: ਵਾਇਰਲੈੱਸ ਚਾਰਜਿੰਗ ਦਾ ਅਗਲਾ ਵੱਡਾ ਕਦਮ
ਜੋ ਲੋਕ ਨਹੀਂ ਜਾਣਦੇ, ਉਨ੍ਹਾਂ ਲਈ Qi2 ਵਾਇਰਲੈੱਸ ਚਾਰਜਿੰਗ 'ਚ ਇਕ ਵੱਡਾ ਸੁਧਾਰ ਹੈ, ਜੋ ਪੁਰਾਣੇ Qi ਸਟੈਂਡਰਡ ਨੂੰ ਬਦਲ ਦੇਵੇਗਾ। ਇਹ ਤਕਨੀਕ ਤੇਜ਼ ਅਤੇ ਵਧੇਰੇ ਕੁਸ਼ਲ ਚਾਰਜਿੰਗ ਦਾ ਵਾਅਦਾ ਕਰਦੀ ਹੈ, ਜਿਸ ਵਿਚ ਚਾਰਜਿੰਗ ਸਪੀਡ 15W ਤਕ ਹੋ ਸਕਦੀ ਹੈ। Qi2 ਤਕਨੀਕ ਮੈਗਨੇਟਿਕ ਰਿੰਗਸ ਦਾ ਇਸਤੇਮਾਲ ਕਰਦੀ ਹੈ, ਜੋ ਡਿਵਾਈਸ ਨੂੰ ਚਾਰਜਰ ਦੇ ਨਾਲ ਸਹੀ ਤਰੀਕੇ ਨਾਲ ਇੰਟੀਗ੍ਰੇਟਿਡ ਰੱਖਦੀ ਹੈ। ਇਹ ਡਿਜ਼ਾਈਨ ਊਰਜਾ ਦੀ ਬਰਬਾਦੀ ਨੂੰ ਘੱਟ ਕਰਦੀ ਹੈ, ਜਿਸ ਨਾਲ ਚਾਰਜਿੰਗ ਪ੍ਰਕਿਰਿਆ ਵਧੇਰੇ ਭਰੋਸੇਮੰਦ ਅਤੇ ਕੁਸ਼ਲ ਬਣਦੀ ਹੈ। ਜਿਥੇ ਐਪਲ ਦਾ MagSafe 2023 ਤੋਂ ਇਸੇ ਤਰ੍ਹਾਂ ਦੀ ਤਕਨੀਕ ਦੀ ਵਰਤੋਂ ਕਰ ਰਿਹਾ ਹੈ, ਉਥੇ ਹੀ ਐਂਡਰਾਇਡ ਫੋਨ ਹੁਣ ਤਕ ਇਸ ਮਾਮਲੇ 'ਚ ਪਿੱਛੇ ਰਹੇ ਹਨ ਪਰ Qi2 ਦੇ ਆਉਣ ਨਾਲ ਇਹ ਫਰਕ ਖਤਮ ਹੋ ਸਕਦਾ ਹੈ।
ਸੈਮਸੰਗ ਅਤੇ ਗੂਗਲ ਦਾ ਵੱਡਾ ਯੋਗਦਾਨ
ਸੈਮਸੰਗ ਅਤੇ ਗੂਗਲ ਨੇ ਅਧਿਕਾਰਤ ਤੌਰ 'ਤੇ Qi2 ਸਟੈਂਡਰਡ ਨੂੰ ਅਪਣਾਉਣ ਦੀ ਪੁਸ਼ਟੀ ਕੀਤੀ ਹੈ। ਸੈਮਸੰਗ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਦੇ ਅਖੀਰ ਤਕ ਗਲੈਕਸੀ ਫੋਨ Qi2 ਨੂੰ ਸਪੋਰਟ ਕਰਨਾ ਸ਼ੁਰੂ ਕਰ ਦੇਣਗੇ, ਹਾਲਾਂਕਿ ਇਹ ਅਜੇ ਸਪਸ਼ਟ ਨਹੀਂ ਹੈ ਕਿ ਇਸ ਮਹੀਨੇ ਲਾਂਚ ਹੋਣ ਵਾਲੀ Galaxy S25 ਸੀਰੀਜ਼ 'ਚ Qi2 ਦਾ ਸਮਰਥਨ ਮੂਲ ਰੂਪ ਨਾਲ ਹੋਵੇਗਾ ਜਾਂ ਨਹੀਂ। ਲੀਕਸ ਰਿਪੋਰਟਾਂ ਮੁਤਾਬਕ, S25 ਸੀਰੀਜ਼ 'ਚ ਵਿਸ਼ੇਸ਼ ਕੇਸ ਰਾਹੀਂ Qi2 ਮਿਲ ਸਕਦਾ ਹੈ ਪਰ ਇਸਦਾ ਪੂਰਾ ਇੰਟੀਗ੍ਰੇਸ਼ਨ Galaxy S26 ਤਕ ਟਲ ਸਕਦਾ ਹੈ।
Apple ਦੇ MagSafe ਨਾਲ ਮੁਕਾਬਲਾ
ਸਾਲਾਂ ਤੋਂ ਐਪਲ ਯੂਜ਼ਰਜ਼ MagSafe ਰਾਹੀਂ ਬਿਹਤਰ ਵਾਇਰਲੈੱਸ ਚਾਰਜਿੰਗ ਅਨੁਭਲ ਦਾ ਆਨੰਦ ਲੈ ਰਹੇ ਹਨ। ਐਂਡਰਾਇਡ ਫੋਨ ਨੇ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕੀਤਾ ਹੈ ਪਰ ਇਹ ਘੱਟ ਭਰੋਸੇਯੋਗ ਅਤੇ ਸਲੋ ਰਿਹਾ ਹੈ। Qi2 ਦੇ ਆਉਣ ਨਾਲ ਇਹ ਸਥਿਤੀ ਬਦਲ ਸਕਦੀ ਹੈ। ਮੈਗਨੇਟਿਕ ਅਲਾਈਨਮੈਂਟ ਨੂੰ ਅਪਣਾ ਕੇ, ਐਂਡਰਾਇਡ ਡਿਵਾਈਸ ਬਿਹਤਰ ਪ੍ਰਦਰਸ਼ਨ ਅਤੇ ਤੇਜ਼ ਚਾਰਜਿੰਗ ਪ੍ਰਦਾਨ ਕਰਨਗੇ, ਜਿਸ ਨਾਲ ਉਹ ਐਪਲ ਦੀ ਤਕਨੀਕ ਦੇ ਬਰਾਬਰ ਹੋ ਜਾਣਗੇ।