ਆਈਫੋਨ 11 ਨਾਲੋਂ ਕਮਜ਼ੋਰ ਹੈ ਆਈਫੋਨ 12 ਦੀ ਬੈਟਰੀ, ਖ਼ਰੀਦਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ
Thursday, Oct 22, 2020 - 02:43 PM (IST)
ਗੈਜੇਟ ਡੈਸਕ– ਐਪਲ ਨੇ ਹਾਲ ਹੀ ’ਚ ਆਪਣੀ ਆਈਫੋਨ 12 ਸੀਰੀਜ਼ ਨੂੰ ਲਾਂਚ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਸੀਰੀਜ਼ ਬਿਹਤਰ ਬੈਟਰੀ ਬੈਕਅਪ ਦੇਵੇਗੀ ਪਰ ਰਿਪੋਰਟਾਂ ’ਚ ਦੱਸਿਆ ਜਾ ਰਿਹਾ ਹੈ ਕਿ ਆਈਫਨ 12 ਸੀਰੀਜ਼ ਦੀ ਬੈਟਰੀ ਆਈਫੋਨ 11 ਸੀਰੀਜ਼ ਦੇ ਮੁਕਾਬਲੇ ਸਮਰੱਥਾ ’ਚ ਕਮਜ਼ੋਰ ਹੈ। ਚੀਨ ਦੀ ਸਰਟੀਫਿਕੇਸ਼ਨ ਏਜੰਸੀ ‘ਟੀਨਾ’ ਨੇ ਆਪਣੀ ਵੈੱਬਸਾਈਟ ’ਤੇ ਲਿਸਟਿੰਗ ਰਾਹੀਂ ਦੱਸਿਆ ਹੈ ਕਿ ਆਈਫੋਨ 12 ਪ੍ਰੋ ਮੈਕਸ ’ਚ 3,687mAh ਸਮਰੱਥਾ ਦੀ ਬੈਟਰੀ ਮਿਲਦੀ ਹੈ। ਇਹ ਆਈਫੋਨ 12 ਦੀ 2,815mAh ਅਤੇ ਆਈਫੋਨ 12 ਮਿੰਨੀ ਦੀ 2,227mAh ਸਮਰੱਥਾ ਵਾਲੀ ਬੈਟਰੀ ਨਾਲੋਂ ਵੱਡੀ ਹੈ। ਪਰ ਜੇਕਰ ਗੱਲ ਕੀਤੀ ਜਾਵੇ ਪਿਛਲੇ ਸਾਲ ਲਿਆਈ ਗਈ ਆਈਫੋਨ 11 ਸੀਰੀਜ਼ ਦੀ ਤਾਂ ਇਹ ਉਸ ਦੇ ਸਾਹਮਣੇ ਸਮਰੱਥਾ ’ਚ ਕਮਜ਼ੋਰ ਵਿਖਾਈ ਦਿੰਦੀ ਹੈ।
ਆਈਫੋਨ 11 ਪ੍ਰੋ ਮੈਕਸ ’ਚ ਪਿਛਲੇ ਸਾਲ 3,969mAh ਦੀ ਬੈਟਰੀ ਦਿੱਤੀ ਗਈ ਸੀ ਜੋ ਕਿ ਹਾਲ ਹੀ ’ਚ ਲਾਂਚ ਹੋਏ ਆਈਫੋਨ 12 ਪ੍ਰੋ ਮੈਕਸ ਦੀ 3,687mAh ਸਮਰੱਥਾ ਵਾਲੀ ਬੈਟਰੀ ਨਾਲੋਂ ਵੱਡੀ ਸੀ।
ਐਪਲ ਦੇ ਇਕ ਆਈਫੋਨ ਮਾਡਲ ਨੂੰ ਨੰਬਰ A2412 ਨਾਲ ਟੀਨਾ ’ਤੇ ਲਿਸਟ ਕੀਤਾ ਗਿਆ ਹੈ, ਜਿਸ ਨੂੰ ਆਈਫੋਨ 12 ਸੀਰੀਜ਼ ਦਾ ਸਭ ਤੋਂ ਪ੍ਰੀਮੀਅਮ ਮਾਡਲ ਯਾਨੀ ਆਈਫੋਨ 12 ਪ੍ਰੋ ਮੈਕਸ ਦੱਸਿਆ ਜਾ ਰਿਹਾ ਹੈ। ਸਰਟੀਫਿਕੇਸ਼ਨ ਸਾਈਟ ’ਤੇ ਲਿਸਟਿਡ ਸਪੈਸੀਫਿਕੇਸ਼ੰਸ ਤੋਂ ਪਤਾ ਚਲਦਾ ਹੈ ਕਿ ਆਈਫੋਨ 12 ਪ੍ਰੋ ਮੈਕਸ ’ਚ 3,687mAhਦੀ ਬੈਟਰੀ ਹੋ ਸਕਦੀ ਹੈ ਜੋ ਕਿ ਪੁਰਾਣੇ ਆਈਫੋਨ 11 ਪ੍ਰੋ ਮੈਕਸ ’ਚ ਦਿੱਤੀ ਗਈ 3,969mAh ਸਮਰੱਥਾ ਦੀ ਬੈਟਰੀ ਨਾਲੋਂ 282mAh ਘੱਟ ਹੈ। ਇਥੋਂ ਤਕ ਕਿ ਆਈਫੋਨ 12 ’ਚ 2,815mAh ਦੀ ਬੈਟਰੀ ਹੋਣ ਦੀ ਵੀ ਸੂਚਨਾ ਦਿੱਤੀ ਗਈ ਹੈ ਜੋ ਕਿ ਆਈਫੋਨ 11 ’ਚ ਮਿਲਣ ਵਾਲੀ 3,110mAh ਦੀ ਬੈਟਰੀ ਨਾਲੋਂ ਘੱਟ ਹੈ। ਫਿਲਹਾਲ ਆਈਫੋਨ 12 ਪ੍ਰੋ ਦੀ ਬੈਟਰੀ ਸਮਰੱਥਾ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
ਆਈਫੋਨ 12 ਅਤੇ ਆਈਫੋਨ 12 ਪ੍ਰੋ ਦੇ ਪ੍ਰੀ-ਆਰਡਰ 23 ਅਕਤੂਬਰ ਤੋਂ ਸ਼ੁਰੂ ਹੋਣਗੇ, ਉਥੇ ਹੀ ਆਈਫੋਨ 12 ਮਿੰਨੀ ਅਤੇ ਆਈਫੋਨ 12 ਪ੍ਰੋ ਮੈਕਸ ਨੂੰ 6 ਨੰਵਬਰ ਤੋਂ ਪ੍ਰੀ-ਆਰਡਰ ਲਈ ਉਪਲੱਬਧ ਕੀਤਾ ਜਾਵੇਗਾ। ਦੱਸ ਦੇਈਏ ਕਿ ਭਾਰਤ ’ਚ ਆਈਫੋਨ 12 ਮਿੰਨੀ ਦੀ ਕੀਮਤ 69,900 ਰੁਪਏ ਤੋਂ ਸ਼ੁਰੂ ਹੁੰਦੀ ਹੈ, ਜਦਕਿ ਆਈਫੋਨ 12 ਦੀ ਕੀਮਤ 79,900ਰੁਪਏ ਤੋਂ ਸ਼ੁਰੂ ਹੋ ਰਹੀ ਹੈ। ਆਈਫੋਨ 12 ਪ੍ਰੋ ਦੀ ਕੀਮਤ 1,19,900 ਰੁਪਏ ਤੋਂ ਸ਼ੁਰੂ ਹੁੰਦੀ ਹੈ, ਉਥੇ ਹੀ ਸਭ ਤੋਂ ਪ੍ਰੀਮੀਅਮ ਆਈਫੋਨ 12 ਪ੍ਰੋ ਮੈਕਸ ਦੀ ਕੀਮਤ 1,29,900 ਰੁਪਏ ਤੋਂ ਸ਼ੁਰੂ ਹੋ ਰਹੀ ਹੈ।