ਭਾਰਤੀ ਇੰਜੀਨੀਅਰ ਨੇ ਅਮਰੀਕਾ 'ਚ ਪਾਈ ਧੱਕ ! Apple ਕੰਪਨੀ 'ਚ ਸੰਭਾਲੇਗਾ AI ਦੀ ਕਮਾਨ
Tuesday, Dec 02, 2025 - 10:16 AM (IST)
ਵੈੱਬ ਡੈਸਕ- ਐਪਲ ਨੇ ਆਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਟੀਮ 'ਚ ਵੱਡਾ ਬਦਲਾਅ ਕਰਦਿਆਂ ਭਾਰਤੀ ਮੂਲ ਦੇ ਅਮਰ ਸੁਬ੍ਰਮਣਿਆ ਨੂੰ ਨਵਾਂ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਕੰਪਨੀ ਦੇ ਮੌਜੂਦਾ AI ਮੁੱਖੀ ਜੌਨ ਜਿਆਨੈਂਡ੍ਰੀਆ ਨੇ 2026 'ਚ ਰਿਟਾਇਰਮੈਂਟ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
ਗੂਗਲ ਅਤੇ ਮਾਈਕ੍ਰੋਸਾਫ਼ਟ 'ਚ ਰਹਿ ਚੁੱਕੇ ਹਨ ਮੁੱਖ ਭੂਮਿਕਾਵਾਂ 'ਚ
ਇਕ ਨਿਊਜ਼ ਚੈਨਲ ਮੁਤਾਬਕ, ਅਮਰ ਸੁਬ੍ਰਮਣਿਆ ਇਕ ਮਾਹਰ AI ਖੋਜਕਾਰ ਹਨ। ਉਨ੍ਹਾਂ ਨੇ 16 ਸਾਲ ਗੂਗਲ 'ਚ ਕੰਮ ਕੀਤਾ ਅਤੇ ‘ਜੇਮਿਨੀ ਪ੍ਰਾਜੈਕਟ’ ਦੇ ਇੰਜੀਨੀਅਰਿੰਗ ਹੈੱਡ ਰਹੇ। ਇਸ ਤੋਂ ਬਾਅਦ ਉਹ ਮਾਈਕ੍ਰੋਸਾਫ਼ਟ 'ਚ AI ਦੇ ਕਾਰਪੋਰੇਟ ਵਾਈਸ ਪ੍ਰੈਜ਼ੀਡੈਂਟ ਰਹੇ। ਐਪਲ ਨੇ ਉਨ੍ਹਾਂ ਨੂੰ ‘Renowned AI Researcher’ ਦਾ ਖਿਤਾਬ ਵੀ ਦਿੱਤਾ ਹੈ। ਹੁਣ ਉਹ ਐਪਲ ਦੇ ਸੀਨੀਅਰ ਐਗਜ਼ੀਕਿਊਟਿਵ ਕ੍ਰੇਗ ਫੈਡਰਿਘੀ ਨੂੰ ਰਿਪੋਰਟ ਕਰਨਗੇ ਅਤੇ ਫਾਊਂਡੇਸ਼ਨ ਮਾਡਲ, ਮਸ਼ੀਨ ਲਰਨਿੰਗ ਰਿਸਰਚ ਅਤੇ AI ਸੁਰੱਖਿਆ ਜਿਵੇਂ ਮਹੱਤਵਪੂਰਨ ਖੇਤਰਾਂ ਦੀ ਅਗਵਾਈ ਕਰਨਗੇ।
ਜੌਨ ਜਿਆਨੈਂਡ੍ਰੀਆ ਛੱਡਣਗੇ ਚਾਰਜ, ਰਹੇਗਾ ਸਲਾਹਕਾਰ ਰੋਲ
ਜੌਨ ਜਿਆਨੈਂਡ੍ਰੀਆ 2018 'ਚ ਗੂਗਲ ਤੋਂ ਐਪਲ 'ਚ ਸ਼ਾਮਲ ਹੋਏ ਸਨ। ਉਨ੍ਹਾਂ ਤੋਂ ਉਮੀਦ ਸੀ ਕਿ ਉਹ ਸਿਰੀ ਅਤੇ ਹੋਰ AI ਪ੍ਰਾਜੈਕਟਾਂ ਨੂੰ ਨਵੀਂ ਦਿਸ਼ਾ ਦੇਣਗੇ। ਪਰ ਨਵਾਂ ਸਿਰੀ ਲਿਆਉਣ 'ਚ ਹੋ ਰਹੀ ਲਗਾਤਾਰ ਦੇਰੀ ਨੇ ਉਨ੍ਹਾਂ ’ਤੇ ਸਵਾਲ ਖੜ੍ਹੇ ਕੀਤੇ। ਖਬਰਾਂ ਮੁਤਾਬਕ, ਟਿਮ ਕੁੱਕ ਦਾ ਵੀ ਉਨ੍ਹਾਂ ’ਤੇ ਭਰੋਸਾ ਘੱਟ ਹੋਇਆ, ਜਿਸ ਤੋਂ ਬਾਅਦ ਸਿਰੀ ਦਾ ਕੰਮ ਹੋਰ ਟੀਮਾਂ ਨੂੰ ਸੌਂਪ ਦਿੱਤਾ ਗਿਆ। ਉਹ 2026 ਦੀ ਸ਼ੁਰੂਆਤ ਤੱਕ ਸਲਾਹਕਾਰ ਵਜੋਂ ਕੰਪਨੀ ਨਾਲ ਜੁੜੇ ਰਹਿਣਗੇ।
ਇਹ ਵੀ ਪੜ੍ਹੋ : ਭੁੱਲ ਕੇ ਵੀ ਸ਼ਮਸ਼ਾਨਘਾਟ ਨਾ ਜਾਣ ਇਹ ਲੋਕ ! ਸਸਕਾਰ ਤੋਂ ਵੀ ਰਹਿਣ ਦੂਰ
ਭਾਰਤ ਲਈ ਵੀ ਮਾਣ ਦਾ ਮੌਕਾ
ਅਮਰ ਸੁਬ੍ਰਮਣਿਆ ਦੀ ਨਿਯੁਕਤੀ ਭਾਰਤ ਲਈ ਵੀ ਇਕ ਉਪਲਬਧੀ ਮੰਨੀ ਜਾ ਰਹੀ ਹੈ। ਉਨ੍ਹਾਂ ਨੇ ਬੈਂਗਲੁਰੂ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਅਤੇ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਪੀਐੱਚਡੀ ਕੀਤੀ। ਉਹ ਡੀਪਮਾਈਂਡ ਵਰਗੇ ਵਿਸ਼ਵ ਪ੍ਰਸਿੱਧ AI ਗਰੁੱਪ ਦਾ ਵੀ ਹਿੱਸਾ ਰਹਿ ਚੁੱਕੇ ਹਨ।
AI ਦੌੜ 'ਚ ਪਿੱਛੇ ਐਪਲ, ਅਮਰ ਤੋਂ ਉਮੀਦਾਂ ਬੁਲੰਦ
2025 'ਚ ਐਪਲ ਦੇ ਸ਼ੇਅਰ 16 ਫੀਸਦੀ ਚੜ੍ਹੇ ਹਨ, ਪਰ AI ਦੀ ਦੌੜ 'ਚ ਕੰਪਨੀ ਹਾਲੇ ਵੀ ਗੂਗਲ, ਮਾਈਕ੍ਰੋਸਾਫ਼ਟ ਅਤੇ OpenAI ਤੋਂ ਪਿੱਛੇ ਹੈ, ਜੋ ਵੱਡੇ ਪੱਧਰ ’ਤੇ ਡਾਟਾ ਸੈਂਟਰਾਂ ਅਤੇ AI ਮਾਡਲਾਂ 'ਚ ਨਿਵੇਸ਼ ਕਰ ਰਹੇ ਹਨ। ਟਿਮ ਕੁੱਕ ਨੇ ਵੀ ਕਿਹਾ ਕਿ ਕੰਪਨੀ AI 'ਚ ਆਪਣਾ ਨਿਵੇਸ਼ ਕਾਫ਼ੀ ਵਧਾ ਰਹੀ ਹੈ। ਐਪਲ ਨੇ OpenAI ਨਾਲ ਸਾਂਝੇਦਾਰੀ ਕਰਦੇ ਹੋਏ ਚੈਟਜੀਪੀਟੀ ਨੂੰ ਆਪਣੇ ਪ੍ਰੋਡਕਟਾਂ 'ਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ।
ਹੁਣ ਨਜ਼ਰਾਂ ਅਮਰ ਸੁਬ੍ਰਮਣਿਆ ’ਤੇ
ਉਦਯੋਗ 'ਚ ਮੰਨਿਆ ਜਾ ਰਿਹਾ ਹੈ ਕਿ ਅਮਰ ਦਾ ਤਜਰਬਾ ਐਪਲ ਦੀ AI ਟੀਮ 'ਚ ਨਵੀਂ ਤਾਕਤ ਭਰੇਗਾ। ਸਿਰੀ ਦੇ ਅੱਪਗਰੇਡ ਅਤੇ ਹੋਰ AI ਫ਼ੀਚਰ ਜਲਦੀ ਲਿਆਉਣਾ ਐਪਲ ਲਈ ਜ਼ਰੂਰੀ ਹੈ, ਅਤੇ ਇਹ ਜ਼ਿੰਮੇਵਾਰੀ ਹੁਣ ਅਮਰ ਦੀ ਟੀਮ ਸੰਭਾਲੇਗੀ।
