ਐਪ ਡਾਊਨਲੋਡਿੰਗ ’ਚ ਦੂਜੇ ਨੰਬਰ ’ਤੇ ਭਾਰਤ, 2019 ’ਚ ਹੋਏ 19 ਅਰਬ ਡਾਊਨਲੋਡ
Tuesday, Jan 21, 2020 - 10:28 AM (IST)

ਗੈਜੇਟ ਡੈਸਕ– ਦੁਨੀਆ ਭਰ ’ਚ ਡਿਜੀਟਲ ਟੈਕਨਾਲੋਜੀ ਦਾ ਇਸਤੇਮਾਲ ਵਧਦਾ ਜਾ ਰਿਹਾ ਹੈ। ਭਾਰਤ ਵੀ ਇਸ ਤੋਂ ਅਛੂਤਾ ਨਹੀਂ ਹੈ। ਹਾਲ ਹੀ ’ਚ ਆਈ ਇਕ ਰਿਪੋਰਟ ਮੁਤਾਬਕ, ਦੁਨੀਆ ਭਰ ’ਚ ਐਪ ਡਾਊਨਲੋਡਿੰਗ ਦੇ ਮਾਮਲੇ ’ਚ ਭਾਰਤ ਦੂਜੇ ਨੰਬਰ ’ਤੇ ਆ ਗਿਆ ਹੈ। ਐਨਾਲਿਟਿਕਸ ਫਰਮ AppAnnie ਮੁਤਾਬਕ, ਭਾਰਤ ਨੇ ਟਾਪ 5 ਐਪ ਅਰਥਵਿਵਸਥਾਵਾਂ ’ਚ 3 ਸਾਲ ਦੀ ਸਭ ਤੋਂ ਮਜਬੂਤ ਗ੍ਰੋਥ ਦਰਜ ਕੀਤੀ ਹੈ। ਸਾਲ 2019 ’ਚ ਭਾਰਤ ’ਚ 19 ਅਰਬ ਐਪ ਡਾਊਨਲੋਡ ਕੀਤੇ ਗਏ ਹਨ। ਇਹ ਭਾਰਤ ਦੇ ਸਾਲ 2016 ਦੇ ਅੰਕੜਿਆਂ ਦੇ ਮੁਕਾਬਲੇ 195 ਫੀਸਦੀ ਦਾ ਵਾਧਾ ਹੈ।
ਭਾਰਤ ਨੇ ਚੀਨ ਅਤੇ ਯੂ.ਐੱਸ. ਨੂੰ ਵੀ ਪਛਾੜਿਆ
ਭਾਰਤ ਦੇ 3 ਸਾਲ ਦੇ ਕਾਰਜਕਾਲ ਦੀ ਤੁਲਨਾ ਹੋਰ ਦਿੱਗਜ ਅਰਥਵਿਵਸਥਾਵਾਂ ਨਾਲ ਕਰੀਏ ਤਾਂ ਐਪ ਡਾਊਨਲੋਡਸ ਦੇ ਮਾਮਲੇ ’ਚ ਅਮਰੀਕਾ ਨੇ ਇਸ ਸਮੇਂ ਦੌਰਾਨ 5 ਫੀਸਦੀ, ਜਦਕਿ ਚੀਨ ’ਚ 80 ਫੀਸਦੀ ਦੀ ਗ੍ਰੋਥ ਕੀਤੀ ਹੈ। AppAnnie ਦੀ ਸਾਲਾਨਾ ਰਿਪੋਰਟ ਮੁਤਾਬਕ, ਦੁਨੀਆ ਭਰ ’ਚ ਪਿਛਲੇ ਸਾਲ 204 ਅਰਬ ਐਪਸ ਡਾਊਨਲੋਡ ਕੀਤੇ ਗਏ ਹਨ। ਦੱਸ ਦੇਈਏ ਕਿ ਸਾਲ 2019 ’ਚ ਭਾਰਤੀ ਮੋਬਾਇਲ ਯੂਜ਼ਰਜ਼ ਨੇ ਹਰ ਦਿਨ ਔਸਤਨ 3.5 ਘੰਟੇ ਮੋਬਾਇਲ ਇਸਤੇਮਾਲ ਕੀਤਾ ਹੈ, ਉਥੇ ਹੀ ਇਹ ਅੰਕੜਾ ਦੁਨੀਆ ਭਰ ’ਚ 3.7 ਘੰਟੇ ਰੋਜ਼ ਦਾ ਰਿਹਾ ਹੈ। ਰੋਜ਼ਾਨਾ ਮੋਬਾਇਲ ਇਸਤੇਮਾਲ ਕਰਨ ਦੇ ਮਾਮਲੇ ’ਚ ਦੁਨੀਆ ਭਰ ’ਚ 10 ਫੀਸਦੀ ਦੀ ਸਾਲਾਨਾ ਗ੍ਰੋਥ ਹੋਈ, ਜਦਕਿ ਭਾਰਤ ’ਚ 30 ਫੀਸਦੀ ਦੀ ਸਾਲਾਨਾ ਗ੍ਰੋਥ ਹੋਈ ਹੈ।
ਗੱਲ ਕਰੀਏ ਐਪਸ ’ਤੇ ਕੀਤੇ ਗਏ ਖਰਚ ਦੀ ਤਾਂ 370 ਮਿਲੀਅਨ ਡਾਲਰ ਦੇ ਨਾਲ ਐਪਸ ’ਤੇ ਹੋਏ ਕੁਲ ਖਰਚੇ ’ਚ ਭਾਰਤ ਦੀ ਹਿੱਸੇਦਾਰੀ ਸਿਰਫ 0.3 ਫੀਸਦੀ ਦੀ ਰਹੀ। ਸਾਲ 2019 ’ਚ ਦੁਨੀਆ ਭਰ ’ਚ ਟੋਟਲ 120 ਅਰਬ ਡਾਲਰ ਖਰਚ ਕੀਤੇ ਗਏ, ਜਿਸ ਵਿਚ ਚੀਨ ਦੀ ਹਿੱਸੇਦਾਰੀ 40 ਫੀਸਦੀ ਦੀ ਰਹੀ।