Hyundai ਨੇ ਲਾਂਚ ਕੀਤੀ ਸੋਲਰ ਪੈਨਲ ਵਾਲੀ ਕਾਰ

08/13/2019 5:06:41 PM

ਆਟੋ ਡੈਸਕ– ਸਾਊਥ ਕੋਰੀਆ ਦੀ ਦਿੱਗਜ ਆਟੋਮੋਬਾਇਲ ਕੰਪਨੀ ਹੁੰਡਈ ਨੇ ਸਾਲ 2009 ’ਚ ਹਾਈਬ੍ਰਿਡ ਕਾਰ ਲਾਂਚ ਕੀਤੀ ਸੀ। ਮੌਜੂਦਾ ਸਮੇਂ ’ਚ ਕੰਪਨੀ ਦੀ ਲਾਈਨਅਪ ’ਚ ਅੱਧਾ ਦਰਜਨ ਤੋਂ ਜ਼ਿਆਦਾ ਹਾਈਬ੍ਰਿਡ ਅਤੇ ਇਲੈਕਟ੍ਰਿਕ ਕਾਰਾਂ ਹਨ। ਹੁਣ ਕੰਪਨੀ ਨੇ ਇਸ ਤੋਂ ਵੀ ਇਕ ਕਦਮ ਅੱਗੇ ਵਧਾ ਕੇ ਕਾਰ ’ਚ ਸੋਲਰ ਐਨਰਜੀ ਜੋੜੀ ਹੈ। ਹੁੰਡਈ ਨੇ ਆਪਣੀ ਸੋਨਾਟਾ ਹਾਈਬ੍ਰਿਡ ਕਾਰ ਨੂੰ ਸੋਲਰ ਪੈਨਲ ਦੇ ਨਾਲ ਲਾਂਚ ਕੀਤਾ ਹੈ ਜੋ ਕਾਰ ਦੀ ਛੱਤ ’ਤੇ ਲੱਗਾ ਹੈ। 

ਸੋਲਰ ਪੈਨਲ ਵਾਲੀ ਸੋਨਾਟਾ ਹਾਈਬ੍ਰਿਡ ਪੂਰੀ ਤਰ੍ਹਾਂ ਸਿਰਫ ਸੋਲਰ ਐਨਰਜੀ ਨਾਲ ਨਹੀਂ ਚੱਲਦੀ ਸਗੋਂ ਇਸ ਵਿਚ ਲੱਗੇ ਸੋਲਰ ਪੈਨਲ ਦੀ ਮਦਦ ਨਾਲ ਕਾਰ ’ਚ ਲੱਗੀ ਬੈਟਰੀ ਚਾਰਜ ਹੁੰਦੀ ਹੈ। ਹੁੰਡਈ ਮੁਤਾਬਕ, ਕਾਰ ’ਚ ਲੱਗੇ ਸੋਲਰ ਪੈਨਲ ਨਾਲ ਇਸ ਦੀ ਬੈਟਰੀ ਇਕ ਦਿਨ ’ਚ 30 ਤੋਂ 60 ਫੀਸਦੀ ਤਕ ਚਾਰਜ ਹੋ ਸਕਦੀ ਹੈ। ਜੇਕਰ ਇਸ ਸੋਲਰ ਪੈਨਲ ਨਾਲ ਕਾਰ ਰੋਜ਼ਾਨਾ 6 ਘੰਟੇ ਚਾਰਜ ਹੋਵੇਗੀ ਤਾਂ ਸਾਲ ਭਰ ’ਚ 1,300 ਕਿਲੋਮੀਟਰ ਦੀ ਵਾਧੂ ਮਾਈਲੇਜ਼ ਦੇਵੇਗੀ। 

PunjabKesari

ਕੰਪਨੀ ਦਾ ਕਹਿਣਾ ਹੈ ਕਿ ਫਰਸਟ ਜਨਰੇਸ਼ਨ ਸੋਲਰ ਰੂਫ ਕਾਰ ਯਾਨੀ ਸੋਨਾਟਾ ਹਾਈਬ੍ਰਿਡ ਦਾ ਸੋਲਰ ਰੂਫ ਵੇਰੀਐਂਟ ਵੱਡਾ ਗੇਮ ਚੇਂਜਰ ਨਹੀਂ ਹੈ। ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨਾਲ ਕਾਰ ਦਾ ਉਤਸਰਜਨ ਘੱਟ ਹੋਵੇਗਾ। ਹੁੰਡਈ ਨੇ ਕਿਹਾ ਹੈ ਕਿ ਸੋਲਰ ਰੂਫ ਨੇ ਇਕ ਨਵਾਂ ਰਾਹ ਖੋਲ੍ਹਿਆ ਹੈ, ਜਿਸ ਨਾਲ ਆਉਣ ਵਾਲੇ ਸਮੇਂ ’ਚ ਗੱਡੀ ਚਲਾਉਣ ਲਈ ਫਾਸਿਲ ਫਿਊਲ (ਪੈਟਰੋਲ-ਡੀਜ਼ਲ) ਦੀ ਲੋੜ ਨਹੀਂ ਪਵੇਗੀ। 

ਸੋਲਰ ਪੈਨਲ ਵਾਲੀ ਹੁੰਡਈ ਸੋਨਾਟਾ ਹਾਈਬ੍ਰਿਡ ਕਾਰ ਨੂੰ ਫਿਲਹਾਲ ਕੋਰੀਆ ’ਚ ਵੇਚਿਆ ਜਾ ਰਿਹਾ ਹੈ। ਜਲਦੀ ਹੀ ਇਸ ਨੂੰ ਉਤਰੀ ਅਮਰੀਕਾ ਦੇ ਬਾਜ਼ਾਰ ’ਚ ਉਤਾਰਿਆ ਜਾਵੇਗਾ। ਦੂਜੇ ਦੇਸ਼ਾਂ ’ਚ ਇਸ ਨੂੰ ਨਹੀਂ ਪੇਸ਼ ਕੀਤਾ ਜਾਵੇਗਾ। ਹਾਲਾਂਕਿ, ਆਉਣ ਵਾਲੇ ਸਾਲਾਂ ’ਚ ਕੰਪਨੀ ਦੀਆਂ ਦੂਜੀਆਂ ਹਾਈਬ੍ਰਿਡ ਅਤੇ ਇਲੈਕਟ੍ਰਿਕ ਕਾਰਾਂ ’ਤੇ ਸੋਲਰ ਰੂਫ ਦੇਖਣ ਨੂੰ ਮਿਲ ਸਕਦੀ ਹੈ। ਸੋਨਾਟਾ ਹਾਈਬ੍ਰਿਡ ਸੋਲਰ ਪੈਨਲ ਰੂਫ ਦੇ ਨਾਲ ਆਉਣ ਵਾਲੀ ਕੰਪਨੀ ਦੀ ਪਹਿਲੀ ਕਾਰ ਹੈ। 


Related News