ਗੇਮਿੰਗ ਕੰਪਨੀ ’ਤੇ ਹੈਕਰਾਂ ਦਾ ਹਮਲਾ, 3 ਲੱਖ ਗਾਹਕਾਂ ਦੇ ਖਾਤਿਆਂ ’ਚ ਲੱਗੀ ਸੰਨ੍ਹ

06/11/2020 6:10:58 PM

ਗੈਜੇਟ ਡੈਸਕ– ਕੋਰੋਨਾਵਾਇਰਸ ਤਾਲਾਬੰਦੀ ਦੌਰਾਨ ਆਨਲਾਈਨ ਸੇਵਾ ਅਤੇ ਕੰਮ ਦੀ ਵੱਡੀ ਮੰਗ ਵਿਚਕਾਰ ਹੈਕਰ ਇਸ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ’ਚ ਲੱਗੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਗੇਮਿੰਗ ਦੀ ਦੁਨੀਆ ਦੀਆਂ ਵੱਡੀਆਂ ਕੰਪਨੀਆਂ ’ਚੋਂ ਇਕ ਨਿਨਟੈਂਡੋ ਦਾ। ਜਪਾਨ ਦੀ ਇਸ ਕੰਪਨੀ ਦੇ ਹਜ਼ਾਰਾਂ ਉਪਭੋਗਤਾਵਾਂ ਦੇ ਖਾਤਿਆਂ ’ਚ ਹੈਕਰਾਂ ਨੇ ਸੰਨ੍ਹ ਲਗਾ ਕੇ ਉਨ੍ਹਾਂ ਦੀਆਂ ਨਿੱਜੀ ਜਾਣਕਾਰੀਆਂ ਚੋਰੀ ਕਰ ਲਈਆਂ। ਕੰਪਨੀ ਮੁਤਾਬਕ, ਕਰੀਬ 3 ਲੱਖ ਖਾਤੇ ਇਸ ਦਾ ਸ਼ਿਕਾਰ ਬਣੇ ਹਨ। 

ਗੈਜੇਟਸ 360 ਦੀ ਰਿਪੋਰਟ ਮੁਤਾਬਕ, ਇਹ ਸਾਰੇ ਮਾਮਲੇ ਅਪ੍ਰੈਲ 2020 ਤੋਂ ਬਾਅਦ ਦੇ ਹਨ। ਹਾਲਾਂਕਿ, ਕੰਪਨੀ ਨੇ ਦੱਸਿਆ ਹੈ ਕਿ ਹੈਕਰ ਕਿਸੇ ਵੀ ਯੂਜ਼ਰ ਦੀ ਕ੍ਰੈਡਿਟ ਕਾਰਡ ਵਰਗੀ ਸੰਵੇਦਨਸ਼ੀਲ ਜਾਣਕਾਰੀ ਪ੍ਰਾਪਤ ਨਹੀਂ ਕਰ ਸਕੇ ਪਰ ਜਨਮ ਤਾਰੀਕ ਅਤੇ ਈ-ਮੇਲ ਵਰਗੀ ਨਿੱਜੀ ਜਾਣਕਾਰੀ ਪ੍ਰਾਪਤ ਕਰ ਲਈ। ਕੰਪਨੀ ਨੇ ਬਿਆਨ ਜਾਰੀ ਕਰਕੇ ਆਪਣੇ ਗਾਹਕਾਂ ਗਾਹਕਾਂ ਕੋਲੋਂ ਮੁਆਫ਼ੀ ਮੰਗੀ ਹੈ। ਕੰਪਨੀ ਨੇ ਕਿਹਾ ਕਿ ਗਾਹਕਾਂ ਨੂੰ ਵੀ ਪਰੇਸ਼ਾਨੀ ਅਤੇ ਚਿੰਤਾ ਹੋਈ ਹੈ, ਉਸ ਲਈ ਅਸੀਂ ਮੁਆਫ਼ੀ ਮੰਗਦੇ ਹਾਂ। ਅਸੀਂ ਸੁਰੱਖਿਆ ਨੂੰ ਹੋਰ ਜ਼ਿਆਦਾ ਵਧਾਵਾਂਗੇ ਤਾਂ ਜੋ ਦੁਬਾਰਾ ਅਜਿਹਾ ਨਾ ਹੋਵੇ। ਕੰਪਨੀ ਦੇ ਬਿਆਨ ਮੁਤਾਬਕ, ਪਹਿਲਾ ਵਾਰ ਅਪ੍ਰੈਲ ’ਚ 1 ਲੱਖ 60 ਹਜ਼ਾਰ ਖਾਤਿਆਂ ’ਚ ਹੈਕਿੰਗ ਦੀ ਜਾਣਕਾਰੀ ਮਿਲੀ ਸੀ ਅਤੇ ਉਸ ਤੋਂ ਬਾਅਦ 1 ਲੱਖ 40 ਹਜ਼ਾਰ ਖਾਤਿਆਂ ’ਚ ਹੈਕਰ ਸੰਨ੍ਹ ਲਗਾਉਣ ’ਚ ਕਾਮਯਾਬ ਰਹੇ। 

ਗਾਹਕਾਂ ਨੂੰ ਹਰਜਾਨਾ ਦੇਵੇਗੀ ਕੰਪਨੀ
ਹੈਕਰਾਂ ਨੇ Nintendo ਦੀ ਨੈੱਟਵਰਕ ਆਈ.ਡੀ. ’ਚ ਘੁਸਪੈਠ ਕੀਤੀ, ਜਿਸ ਨਾਲ ਉਹ ਨਿਨਟੈਂਡੋ ਖਾਤਿਆਂ ਤਕ ਪਹੁੰਚੇ। ਇਸ ਰਾਹੀਂ ਕੰਪਨੀ ਦੇ ਆਨਲਾਈਨ ਸਟੋਰ ਤੋਂ ਖਰੀਦਾਰੀ ਕੀਤੀ ਜਾਂਦੀ ਹੈ। ਕੰਪਨੀ ਨੇ ਆਪਣੇ ਬਿਆਨ ’ਚ ਦੱਸਿਆ ਕਿ ਇਹ ਫਰਜ਼ੀ ਖਰੀਦ ਕੰਪਨੀ ਦੀ ਕੁਲ ਵਿਕਰੀ ਦਾ ਬੇਹੱਦ ਛੋਟਾ ਜਿਹਾ ਹਿੱਸਾ ਹੈ। ਕੰਪਨੀ ਨੇ ਨਾਲ ਹੀ ਗਾਹਕਾਂ ਨਾਲ ਵਾਅਦਾ ਕੀਤਾ ਹੈ ਕਿ ਜਿਨ੍ਹਾਂ ਖਾਤਿਆਂ ਨਾਲ ਅਜਿਹਾ ਫ਼ਰਜ਼ੀਵਾੜਾ ਹੋਇਆ ਹੈ, ਕੰਪਨੀ ਉਨ੍ਹਾਂ ਨੂੰ ਹਰਜਾਨਾ ਦੇਵੇਗੀ। 


Rakesh

Content Editor

Related News