ਗੂਗਲ ਭਾਰਤ ''ਚ ਕਰੇਗੀ ਪਿਕਸਲ ਸਮਾਰਟਫੋਨ ਦਾ ਉਤਪਾਦਨ, ਜਾਣੋ ਕੰਪਨੀ ਦਾ ਪਲਾਨ

Wednesday, Jun 21, 2023 - 04:47 PM (IST)

ਗੈਜੇਟ ਡੈਸਕ- ਗੂਗਲ ਦੀ ਮੂਲ ਕੰਪਨੀ ਅਲਫਾਬੇਟ ਇੰਕ ਪਿਕਸਲ ਸਮਾਰਟਫੋਨ ਦਾ ਭਾਰਤ 'ਚ ਉਤਪਾਦਨ ਕਰਨਾ ਚਾਹੁੰਦੀ ਹੈ। ਕੰਪਨੀ ਇਸ ਲਈ ਘਰੇਲੂ ਸਪਲਾਈਕਰਤਾ ਦੀ ਭਾਲ ਕਰ ਰਹੀ ਹੈ। ਮਾਮਲੇ ਨਾਲ ਜੁੜੇ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਗੂਗਲ ਨੇ ਭਾਰਤ 'ਚ ਉਤਪਾਦਨ ਲਈ ਲਾਵਾ ਇੰਟਰਨੈਸ਼ਨਲ ਲਿਮਟਿਡ, ਡਿਕਸਨ ਤਕਨਾਲੋਜੀਜ਼ ਇੰਡੀਆ ਅਤੇ ਫਾਕਸਕਾਨ ਤਕਨਾਲੋਜੀ ਸਮੂਹ ਦੀ ਭਾਰਤੀ ਇਕਾਈ ਭਾਰਤ ਐੱਫ.ਆਈ.ਐੱਚ. ਦੇ ਨਾਲ ਗੱਲਬਾਤ ਸ਼ੁਰੂ ਕੀਤੀ ਹੈ। 

ਇਸਦੇ ਨਾਲ ਹੀ ਗੂਗਲ ਵੀ ਉਨ੍ਹਾਂ ਗਲੋਬਲ ਕੰਪਨੀਆਂ ਦੀ ਸੂਚੀ 'ਚ ਸ਼ਾਮਲ ਹੋਣ ਜਾ ਰਹੀ ਹੈ, ਜਿਨ੍ਹਾਂ ਨੇ ਭਾਰਤ 'ਚ ਉਤਪਾਦਨ ਸ਼ੁਰੂ ਕੀਤਾ ਹੈ। ਗੂਗਲ ਜਿਨ੍ਹਾਂ ਸੰਭਾਵਿਤ ਸਾਂਝੇਦਾਰਾਂ ਨਾਲ ਗੱਲਬਾਤ ਕਰ ਰਹੀ ਹੈ, ਉਨ੍ਹਾਂ 'ਚ ਅਜਿਹੀਆਂ ਕੰਪਨੀਆਂ ਵੀ ਸਾਮਲ ਹਨ, ਜਿਨ੍ਹਾਂ ਨੂੰ ਉਤਾਦਨ ਆਧਾਰਿਤ ਪ੍ਰੋਤਸਾਹਨ (ਪੀ.ਐੱਪ.ਈ.) ਯੋਜਨਾ ਤਹਿਤ ਉਤਸ਼ਾਹ ਮਿਲਿਆ ਹੈ। ਦੁਨੀਆ 'ਚ ਸਮਾਰਟਫੋਨ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਐਪਲ ਨੇ ਭਾਰਤ 'ਚ ਆਪਣੀ ਸਪਲਾਈ ਵਧਾਉਣ ਲਈ ਇਸੇ ਯੋਜਨਾ ਦਾ ਫਾਇਜਾ ਚੁੱਕਿਆ ਹੈ। ਕੰਪਨੀ ਨੇ 2022-23 ਦੌਰਾਨ ਭਾਰਤ 'ਚ ਆਈਫੋਨ ਦਾ ਉਤਪਾਦਨ ਤਿੰਨ ਗੁਣਾ ਵਧਾ ਕੇ 7 ਅਰਬ ਡਾਲਰ ਤੋਂ ਵੱਧ ਪਹੁੰਚਾ ਦਿੱਤਾ ਹੈ। 

ਭਾਰਤ ਨੂੰ ਮੈਨੂਫੈਕਚਰਿੰਗ ਹੱਬ ਵਜੋਂ ਦੇਖ ਰਹੀਆਂ ਗਲੋਬਲ ਕੰਪਨੀਆਂ 

ਦੁਨੀਆ ਦੀਆਂ ਦਿੱਗਜ ਤਕਨਾਲੋਜੀ ਕੰਪਨੀਆਂ ਭਾਰਤ ਨੂੰ ਇਕ ਮੈਨੂਫੈਕਚਰਿੰਗ ਹੱਬ ਦੇ ਰੂਪ 'ਚ ਦੇਖ ਰਹੀਆਂ ਹਨ। ਸਖਤ ਪਾਬੰਦੀਆਂ ਨਾਲ ਉਤਪਾਦਨ ਪ੍ਰਭਾਵਿਤ ਹੋਣ ਕਾਰਨ ਗਲੋਬਲ ਕੰਪਨੀਆਂ ਚੀਨ ਤੋਂ ਬਾਹਰ ਮੈਨੂਫੈਕਚਰਿੰਗ ਦਾ ਬਦਲ ਲੱਭ ਰਹੀਆਂ ਹਨ ਅਤੇ ਭਾਰਤ ਦਾ ਰੁਖ ਕਰ ਰਹੀਆਂ। ਇਸ ਮਹੀਨੇ ਦੀ ਸ਼ੁਰੂਆਤ 'ਚ ਭਾਰਤ 'ਚ ਆਈਫੋਨ ਬਣਾਉਣ ਦਾ ਐਲਾਨ ਕੀਤਾ ਹੈ। ਭਾਰਤ ਗੂਗਲ ਲਈ ਸਭ ਤੋਂ ਵੱਡਾ ਬਾਜ਼ਾਰ ਹੈ। ਇਸ ਲਈ ਕੰਪਨੀ ਇਥੇ ਆਪਣਾ ਆਧਾਰ ਵਧਾਉਣਾ ਚਾਹੁੰਦੀ ਹੈ। ਪਿਛਲੇ ਸਾਲ ਗੂਗਲ ਨੇ ਕਰੀਬ 90 ਲੱਖ ਪਿਕਸਲ ਸਮਾਰਟਫੋਨ ਬਣਾਏ ਸਨ।


Rakesh

Content Editor

Related News