ਗੂਗਲ ਇੰਡੀਆ ਦੀ ਪਾਲਿਸੀ ਹੈੱਡ ਅਰਚਨਾ ਗੁਲਾਟੀ ਨੇ ਦਿੱਤੀ ਅਸਤੀਫਾ : ਰਿਪੋਰਟ
Tuesday, Sep 27, 2022 - 04:53 PM (IST)
ਗੈਜੇਟ ਡੈਸਕ– ਗੂਗਲ ਇੰਡੀਆ ਦੀ ਪਾਲਿਸੀ ਹੈੱਡ ਅਰਚਨਾ ਗੁਲਾਟੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਰਚਨਾ ਗੁਲਾਟੀ ਨੇ ਇਸੇ ਸਾਲ ਮਈ ’ਚ ਅਹੁਦਾ ਸੰਭਾਲਿਆ ਸੀ। ਅਰਚਨਾ ਅਰਥ ਸ਼ਾਸਤਰ ਵਿਚ ਗ੍ਰੈਜੂਏਟ ਹਨ ਅਤੇ ਆਈ.ਆਈ.ਟੀ. ਦਿੱਲੀ ਤੋਂ ਪੀ.ਐੱਚ.ਡੀ. ਕੀਤੀ ਹੋਈ ਹੈ। ਇਸਤੋਂ ਪਹਿਲਾਂ ਗੁਲਾਟੀ ਨੀਤੀ ਕਮਿਸ਼ਨ ’ਚ ਸੰਯੁਕਤ ਸਕੱਤਰ (ਡਿਜੀਟਲ ਸੰਚਾਰ) ਸਨ।
ਅਰਚਨਾ ਦੇ ਅਸਤੀਫੇ ਬਾਰੇ ਅਜੇ ਤਕ ਨਾ ਗੂਗਲ ਨੇ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਖੁਦ ਅਰਚਨਾ ਨੇ। ਅਸਤੀਫੇ ਦਾ ਕਾਰਨ ਵੀ ਅਜੇ ਤਕ ਪਤਾ ਨਹੀਂ ਲੱਗ ਸਕਿਆ। ਅਰਚਨਾ ਦਾ ਇਹ ਅਸਤੀਫਾ ਅਜਿਹੇ ਸਮੇਂ ਆਇਆ ਹੈ ਜਦੋਂ ਗੂਗਲ ’ਤੇ ਭਾਰਤ ’ਚ ਕਈ ਮਾਮਲੇ ਚੱਲ ਰਹੇ ਹਨ ਅਤੇ ਗੂਗਲ ’ਤੇ ਮੁਕਾਬਲੇਬਾਜ਼ੀ ਕਮਿਸ਼ਨ ਦੀ ਵੀ ਨਜ਼ਰ ਹੈ। ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ.ਸੀ.ਆਈ.), ਜਿੱਥੇ ਗੁਲਾਟੀ ਨੇ ਪਹਿਲਾਂ ਕੰਮ ਕੀਤਾ ਸੀ, ਸਮਾਰਟ ਟੀ.ਵੀ. ਬਾਜ਼ਾਰ ’ਚ ਗੂਗਲ ਦੇ ਵਪਾਰਕ ਵਿਹਾਰ, ਇਸਦੇ ਐਂਡਰਾਇਡ ਆਪਰੇਟਿੰਗ ਸਿਸਟਮ ਅਤੇ ਨਾਲ ਹੀ ਐਪ ਭੁਗਤਾਨ ਪ੍ਰਣਾਲੀ ਦੀ ਜਾਂਚ ਕਰ ਰਿਹਾ ਹੈ।
ਗੂਗਲ ’ਚ ਗੁਲਾਟੀ ਜਨਤਕ ਨਿੱਤੀ ਦੇ ਅਧਿਕਾਰੀਆਂ ਦੀ ਇਕ ਟੀਮ ਦੀ ਅਗਵਾਈ ਕਰ ਰਹੀ ਸੀ ਜੋ ਭਾਰਤ ’ਚ ਕੰਪਨੀ ਲਈ ਵੱਖ-ਵੱਖ ਰੈਗੂਲੇਟਰੀ ਪ੍ਰਭਾਵਾਂ ਨੂੰ ਵੇਖਦਾ ਹੈ। ਅਰਚਨਾ ਦੀ ਲਿੰਕਡਿਨ ਪ੍ਰੋਫਾਈਲ ਮੁਤਾਬਕ, 2014 ਅਤੇ 2016 ਵਿਚਕਾਰ ਉਨ੍ਹਾਂ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਦੇ ਮਰਚ ਅਤੇ ਐਕਵਾਇਰ ਵਿਭਾਗ ’ਚ ਇਕ ਸੀਨੀਅਰ ਅਧਿਕਾਰੀ ਦੇ ਰੂਪ ’ਚ ਵੀ ਕੰਮ ਕੀਤਾ ਹੈ।