ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਬੱਚਿਆਂ ਦਾ ਡਾਟਾ ਚੋਰੀ ਕਰਨ ਵਾਲੇ 3 ਐਪਸ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ
Saturday, Oct 24, 2020 - 06:37 PM (IST)
ਗੈਜੇਟ ਡੈਸਕ– ਗੂਗਲ ਨੂੰ ਪਲੇਅ ਸਟੋਰ ’ਤੇ ਮੌਜੂਦ 3 ਅਜਿਹੇ ਐਪਸ ਦਾ ਪਤਾ ਲੱਗਾ ਹੈ ਜੋ ਬੱਚਿਆਂ ਦਾ ਡਾਟਾ ਚੋਰੀ ਕਰ ਰਹੇ ਸਨ। ਇਨ੍ਹਾਂ ਐਪਸ ਨੂੰ ਲੈ ਕੇ ਡਿਜੀਟਲ ਅਕਾਊਂਟੇਬਿਲਿਟੀ ਕਾਊਂਸਿਲ (IDCA) ਵਲੋਂ ਚਿੰਤਾ ਜਤਾਈ ਗਈ ਹੈ। IDCA ਨੇ ਪਾਇਆ ਕਿ ਇਹ ਤਿੰਨੇ ਐਪਸ ਯੂਜ਼ਰਸ ਦਾ ਡਾਟਾ ਇਕੱਠਾ ਕਰ ਰਹੇ ਹਨ ਅਤੇ ਗੂਗਲ ਪਲੇਅ ਸਟੋਰ ਦੇ ਨਿਯਮਾਂ ਦਾ ਉਲੰਘਣ ਵੀ ਕਰਦੇ ਹਨ। ਇਸ ਤੋਂ ਇਲਾਵਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਡਾਟਾ ਥਰਡ ਪਾਰਟੀਜ਼ ਨੂੰ ਲੀਕ ਕੀਤਾ ਜਾ ਰਿਹਾ ਸੀ। ਇਸ ਤੋਂ ਬਾਅਦ ਗੂਗਲ ਨੂੰ ਇਨ੍ਹਾਂ ਤਿੰਨਾਂ ਐਪਸ ਬਾਰੇ ਜਾਣਕਾਰੀ ਦਿੱਤੀ ਗਈ ਜਿਨ੍ਹਾਂ ਦੇ ਨਾਂ Princess Salon, Number Coloring ਅਤੇ Cats & Cosplay ਦੱਸੇ ਗਏ ਹਨ।
ਇਨ੍ਹਾਂ ਐਪਸ ਬਾਰੇ ਗੂਗਲ ਨੂੰ ਪਤਾ ਲੱਗਾ ਤਾਂ ਗੂਗਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਪੁਸ਼ਟੀ ਕਰ ਰਹੇ ਹਾਂ ਕਿ ਰਿਪੋਰਟ ’ਚ ਸ਼ਾਮਲ ਕੀਤੇ ਗਏ ਇਨ੍ਹਾਂ ਐਪਸ ਨੂੰ ਹਟਾ ਦਿੱਤਾ ਗਿਆ ਹੈ। ਸਾਨੂੰ ਜਦੋਂ ਵੀ ਕਿਸੇ ਅਜਿਹੇ ਐਪਸ ਦਾ ਪਤਾ ਲੱਗੇਗਾ, ਜੋ ਸਾਡੇ ਪਲੇਅ ਸਟੋਰ ਦੇ ਨਿਯਮਾਂ ਦਾ ਉਲੰਘਣ ਕਰਦੇ ਹਨ, ਅਸੀਂ ਕਾਰਵਾਈ ਕਰਾਂਗੇ।
IDCA ਪ੍ਰੈਜ਼ੀਡੈਂਟ ਕਵਾਂਟਿਨ ਪਲਫਰੇ ਨੇ ਇਸ ਬਾਰੇ TechCrunch ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਰਿਸਰਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਐਪਸ ਦੀ ਡਾਟਾ ਪ੍ਰੈਕਟਿਸਿਜ਼ ਕੁਝ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ ਅਤੇ ਚਿੰਤਾਜਨਕ ਹਨ। ਦੱਸ ਦੇਈਏ ਕਿ ਇਹ ਤਿੰਨੇ ਐਪਸ ਡਾਟਾ ਚੋਰੀ ਕਰ ਰਹੇ ਹਨ। ਇਨ੍ਹਾਂ ਨੂੰ ਗੂਗਲ ਨੇ ਤਾਂ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ ਪਰ ਜੇਕਰ ਇਹ ਐਪਸ ਤੁਹਾਡੇ ਫੋਨ ’ਚ ਮੌਜੂਦ ਹਨ ਤਾਂ ਇਨ੍ਹਾਂ ਨੂੰ ਤੁਰੰਤ ਆਪਣੇ ਫੋਨ ’ਚੋਂ ਵੀ ਹਟਾ ਦਿਓ।