ਹੁਣ ਬਿਨਾਂ ਬੈਂਕ ਖਾਤੇ ਦੇ Google Pay ’ਚ ਖੋਲ੍ਹੋ FD, ਇਹ ਹੈ ਤਰੀਕਾ
Tuesday, Sep 07, 2021 - 11:59 AM (IST)
ਗੈਜੇਟ ਡੈਸਕ– ਗੂਗਲ ਆਪਣੇ ਡਿਜੀਟਲ ਭੁਗਤਾਨ ਐਪ ਗੂਗਲ ਪੇਅ ’ਚ ਸੁਧਾਰ ਕਰ ਰਿਹਾ ਹੈ। ਹੁਣ ਮਾਊਂਟੇਨ ਵਿਊ ਦੀ ਦਿੱਗਜ ਕੰਪਨੀ ਨੇ ਗੂਗਲ ਪੇਅ ਯੂਜ਼ਰਸ ਲਈ ਇਕ ਫਿਕਸਡ ਡਿਪਾਜ਼ਿਟ (ਐੱਫ.ਡੀ.) ਸੁਵਿਧਾ ਪ੍ਰਦਾਨ ਕਰਨ ਲਈ ਇਕ ਸਮਾਲ ਫਾਈਨਾਂਸ ਬੈਂਕ ਦੇ ਨਾਲ ਸਾਂਝੇਦਾਰੀ ਕੀਤੀ ਹੈ। ਤਾਂ ਹੁਣ ਤੁਸੀਂ ਅਲੱਗ ਤੋਂ ਬੈਂਕ ਖਾਤਾ ਖੋਲ੍ਹੇ ਬਿਨਾਂ, ਸਿੱਧਾ ਗੂਗਲ ਪੇਅ ਰਾਹੀਂ ਐੱਫ.ਡੀ. ਬੁੱਕ ਕਰ ਸਕੋਗੇ।
ਐੱਫ.ਡੀ. ’ਤੇ ਮਿਲੇਗਾ ਸਾਲਾਨਾ 6.35 ਫੀਸਦੀ ਵਿਆਜ਼
ਇਹ ਉਦਯੋਗ ਪਹਿਲੀ ਡਿਜੀਟਲ ਐੱਫ.ਡੀ. ਸੇਵਾ ਹਾਲ ਹੀ ’ਚ ਦੇਸ਼ ’ਚ ਪੇਸ਼ ਕੀਤੀ ਗਈ ਸੀ। ਗੂਗਲ ਨੇ ਚੇਨਈ ਸਥਿਤ ਇਕਵਿਟਾਸ ਸਮਾਲ ਫਾਈਨਾਂਸ ਬੈਂਕ ਦੇ ਨਾਲ ਸਾਂਝੇਦਾਰੀ ਕੀਤੀ ਹੈ ਤਾਂ ਜੋ ਯੂਜ਼ਰਸ ਨੂੰ ਬਿਨਾਂ ਬੈਂਕ ਖਾਤੇ ਦੇ ਐੱਫ.ਡੀ. ਦੇ ਫਾਇਦੇ ਦਿੱਤੇ ਜਾ ਸਕਣ। ਇਸ ਲਈ ਇਛੁੱਕ ਗਾਹਕ ਹੁਣ ਗੂਗਲ ਪੇਅ ’ਤੇ ਐੱਫ.ਡੀ. ਖੋਲ੍ਹ ਸਕਦੇ ਹਨ ਅਤੇ ਸਾਲਾਨਾ 6.35 ਫੀਸਦੀ ਵਿਆਜ਼ ਦਰ ਦਾ ਫਾਇਦਾ ਲੈ ਸਕਦੇ ਹਨ।
ਇਕਵਿਟਾਸ ਸਮਾਲ ਫਾਈਨਾਂਸ ਬੈਂਕ ਦਾ ਕਹਿਣਾ ਹੈ ਕਿ ਉਹ ਫਿਨਟੈੱਕ ਇੰਫ੍ਰਾਸਟਰਕਚਰ ਕਾਰਪੋਰੇਸ਼ਨ ਸੇਤੁ ਦੁਆਰਾ ਵਿਕਸਿਤ APIs ਦਾ ਲਾਭ ਲੈ ਕੇ ਡਿਜੀਟਲ ਐੱਫ.ਡੀ. ਸਰਵਿਸ ਦੀ ਪੇਸ਼ਕਸ਼ ਕਰ ਰਿਹਾ ਹੈ। ਤਾਂ ਹੁਣ ਗੂਗਲ ਦੇ ਨਾਲ ਸਾਂਝੇਦਾਰੀ ਕਰਕੇ ਬੈਂਕ ਗੂਗਲ ਪੇਅ ਐਪ ਰਾਹੀਂ ਦੇਸ਼ ਭਰ ’ਚ ਸਰਵਿਸ ਦੇ ਸਕੇਗਾ।
ਗੂਗਲ ਪੇਅ ’ਤੇ ਇੰਝ ਖੋਲ੍ਹੋ ਐੱਫ.ਡੀ.
ਹੁਣ ਗੂਗਲ ਪੇਅ ’ਤੇ ਐੱਫ.ਡੀ. ਬੁੱਕ ਕਰਨ ਲਈ, ਤੁਹਾਨੂੰ ਐਪ ’ਤੇ ‘ਬਿਜ਼ਨੈੱਸ ਐਂਡ ਬਿੱਲਸ’ ਸੈਕਸ਼ਨ ਤਹਿਤ ਇਕਵਿਟਾਸ ਸਮਾਲ ਫਾਈਨਾਂਸ ਬੈਂਕ ਸਰਚ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਆਪਣੀ ਕੇ.ਵਾਈ.ਸੀ. ਡਿਟੇਲ ਭਰਨੀ ਹੋਵੇਗੀ ਅਤੇ ਗੂਗਲ ਪੇਅ ਯੂ.ਪੀ.ਆਈ. ਦਾ ਇਸਤੇਮਾਲ ਕਰਕੇ ਐੱਫ.ਡੀ. ਲਈ ਪੇਮੈਂਟ ਪੂਰੀ ਕਰਨੀ ਹੋਵੇਗੀ।
ਇਕ ਵਾਰ ਜਦੋਂ ਤੁਸੀਂ ਐੱਫ.ਡੀ. ਖੋਲ੍ਹ ਲੈਂਦੇ ਹੋ ਤਾਂ ਤੁਸੀਂ ਇਸ ਨੂੰ ਸਿੱਧਾ ਗੂਗਲ ਪੇਅ ਐਪ ’ਤੇ ਟ੍ਰੈਕ ਕਰ ਸਕੋਗੇ। ਇਸ ਤੋਂ ਇਲਾਵਾ ਜਿਵੇਂ ਹੀ ਤੁਸੀਂ ਪੇਮੈਂਟਸ ਐਪ ਦਾ ਇਸਤੇਮਾਲ ਕਰੇਕ ਜ਼ਿਆਦਾ ਐੱਫ.ਡੀ. ਖੋਲ੍ਹੋਗੇ, ਉਹ ਟ੍ਰੈਕਿੰਗ ਪੇਜ ’ਤੇ ਵਿਖਾਈ ਦੇਣ ਲੱਗਣਗੇ। ਇਕਵਿਟਾਸ ਸਮਾਲ ਫਾਈਨਾਂਸ ਬੈਂਕ ਨੇ ਇਕ ਬਿਆਨ ’ਚ ਕਿਹਾ ਕਿ ਮੈਚਿਓਰਿਟੀ ’ਤੇ ਪੂਰੀ ਰਕਮ ਆਪਣੇ ਆਪ ਗੂਗਲ ਪੇਅ ਯੂਜ਼ਰਸ ਦੇ ਮੌਜੂਦਾ ਗੂਗਲ ਪੇਅ ਲਿੰਕਡ ਬੈਂਕ ਖਾਤੇ ’ਚ ਚਲੀ ਜਾਵੇਗੀ।
ਇਸ ਤੋਂ ਇਲਾਵਾ ਟ੍ਰੈਕਿੰਗ ਪੇਜ ਰਾਹੀਂ ਤੁਸੀਂ ਸਮੇਂ ਤੋਂ ਪਹਿਲਾਂ ਐੱਫ.ਡੀ. ਦਾ ਪੈਸਾ ਕੱਢਵਾਉਣ ਦਾ ਆਰਡਰ ਵੀ ਦੇ ਸਕਦੇ ਹੋ। ਉਸ ਸਥਿਤੀ ’ਚ ਇਕਵਿਟਾਸ ਸਮਾਲ ਫਾਈਨਾਂਸ ਬੈਂਕ ਦਾ ਕਹਿਣਾ ਹੈ ਕਿ ਯੂਜ਼ਰਸ ਨੂੰ ਅਪਲਾਈ ਕਰਨ ਵਾਲੇ ਦਿਨ ਹੀ ਉਨ੍ਹਾਂ ਵਲੋਂ ਲਿੰਕ ਕੀਤੇ ਗਏ ਬੈਂਕ ਖਾਤੇ ’ਚ ਰਕਮ ਮਿਲ ਜਾਵੇਗੀ।