ਪੰਜਾਬ ਕੇਸਰੀ ਸਮੇਤ 30 ਮੀਡੀਆ ਸੰਗਠਨਾਂ ਦੀ ਸਾਂਝੇਦਾਰੀ ਨਾਲ ਗੂਗਲ ਦਾ News Showcase ਭਾਰਤ ’ਚ ਲਾਂਚ
Tuesday, May 18, 2021 - 04:33 PM (IST)
ਗੈਜੇਟ ਡੈਸਕ– ਗੂਗਲ ਨੇ ਭਾਰਤ ’ਚ ਪੰਜਾਬ ਕੇਸਰੀ ਸਮੇਤ 30 ਰਾਸ਼ਟਰੀ ਅਤੇ ਖੇਤਰੀ ਮੀਡੀਆ ਸੰਗਠਨਾਂ ਨਾਲ ਸਾਂਝੇਦਾਰੀ ਕਰਦੇ ਹੋਏ ਹੋਏ ਨਿਊਜ਼ ਸ਼ੋਅਕੇਸ ਲਾਂਚ ਕਰ ਦਿੱਤਾ ਹੈ। ਗੂਗਲ ਦੀ ਇਹ ਪਹਿਲ ਦੇਸ਼ ’ਚ ਕੁਆਲਿਟੀ ਪੱਤਰਕਾਰੀ ਨੂੰ ਸਹਿਯੋਗ ਦੇਣ ਦੀ ਦਿਸ਼ਾ ’ਚ ਐਲਾਨ ਗਲੋਬਲ ਨਿਵੇਸ਼ ਮੁਹਿੰਮ ਦਾ ਹਿੱਸਾ ਹੈ।
ਭਰੋਸੇਮੰਦ ਸਮਾਚਾਰਾਂ ਅਤੇ ਸੂਚਨਾਵਾਂ ਤਕ ਪਹੁੰਚ ਦੀ ਵਧਦੀ ਅਹਿਮੀਅਤ ਵਿਚਕਾਰ ਗੂਗਲ ਨੇ ਭਾਰਤ ਦੇ ਵੱਡੇ ਸਮਾਚਾਰ ਉਦਯੋਗ ਨੂੰ ਮਦਦ ਦੇਣ ਲਈ ਕਈ ਨਿਵੇਸ਼ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ, ਜਿਸ ਦਾ ਮਕਸਦ ਕੁਆਲਿਟੀ ਪੱਤਰਕਾਰੀ ਦੀ ਦਿਸ਼ਾ ’ਚ ਮੀਡੀਆ ਸੰਗਠਨਾਂ ਨੂੰ ਮਦਦ ਕਰਨਾ ਅਤੇ ਗੂਗਲ ਨਿਊਜ਼ ਇਨੀਸ਼ੀਏਟਿਵ ਪ੍ਰੋਗਰਾਮਾਂ ਦਾ ਵਿਸਤਾਰ ਕਰਨਾ ਹੈ, ਤਾਂ ਜੋ ਕੋਵਿਡ-19 ਮਹਾਮਾਰੀ ਦੌਰਾਨ ਅਤੇ ਉਸ ਤੋਂ ਬਾਅਦ ਵੀ ਨਿਊਜ਼ਰੂਮ ਨੂੰ ਆਪਣੇ ਪਾਠਕਾਂ ਨੂੰ ਆਪਣੇ ਨਾਲ ਜੋੜੀ ਰੱਖਣ ’ਚ ਮਦਦ ਮਿਲ ਸਕੇ।
ਇਸੇ ਦਿਸ਼ਾ ’ਚ ਸ਼ੁਰੂਆਤ ਕਰਦੇ ਹੋਏ ਰਾਸ਼ਟਰੀ ਅਤੇ ਖੇਤਰੀ ਪੱਧਰ ’ਤੇ ਕੰਮ ਕਰਨ ਵਾਲੇ ਭਾਰਤ ਦੇ 30 ਮੀਡੀਆ ਸੰਗਠਨਾਂ ਨਾਲ ਸਾਂਝੇਦਾਰੀ ਕਰਦੇ ਹੋਏ ਗੂਗਲ ਨੇ ਨਿਊਜ਼ ਸ਼ੋਅਕੇਸ ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਮੀਡੀਆ ਸੰਗਠਨਾਂ ’ਚ ਪੰਜਾਬ ਕੇਸਰੀ, ਦਿ ਹਿੰਦੂ ਸਮੂਹ, ਦੈਨਿਕ ਜਾਗਰਣ, ਐੱਚ.ਟੀ. ਡਿਜੀਟਲ ਸਟ੍ਰੀਮ ਲਿਮਟਿਡ, ਇੰਡੀਅਨ ਐਕਸਪ੍ਰੈੱਸ ਗਰੁੱਪ, ਏ.ਬੀ.ਪੀ. ਲਾਈਵ, ਇੰਡੀਆ ਟੀ.ਵੀ., ਐੱਨ.ਡੀ.ਟੀ.ਵੀ., ਜ਼ੀ ਨਿਊਜ਼, ਅਮਰ ਉਜਾਲਾ, ਡੈੱਕਨ ਹੇਰਾਲਡ, ਟੈਲੀਗ੍ਰਾਫ ਇੰਡੀਆ, ਆਈ.ਏ.ਐੱਨ.ਐੱਸ., ਏ.ਐੱਨ.ਆਈ. ਸਮੇਤ ਹੋਰ ਸੰਗਠਨ ਸ਼ਾਮਲ ਹਨ।
ਹਿੰਦੀ ਅਤੇ ਅੰਗਰੇਜੀ ਭਾਸ਼ਾ ’ਚ ਕੰਮ ਕਰਨ ਵਾਲੇ ਸਹਿਯੋਗੀ ਮੀਡੀਆ ਸੰਗਠਨਾਂ ਵਲੋਂ ਪ੍ਰਕਾਸ਼ਿਤ ਸਮਾਚਾਰ ਗੂਗਲ ਨਿਊਜ਼ (ਸਮਾਚਾਰ) ’ਚ ਵਿਸ਼ੇਸ਼ ਰੂਪ ਨਾਲ ਤਿਆਰ ਕੀਤੇ ਗਏ ਨਿਊਜ਼ ਸ਼ੋਅਕੇਸ ਪੈਨਲ ’ਚ ਨਜ਼ਰ ਆਉਣਗੇ। ਭਵਿੱਖ ’ਚ ਇਸ ਵਿਚ ਹੋਰ ਕਈ ਭਾਸ਼ਾਵਾਂ ਨੂੰ ਜੋੜੇ ਜਾਣ ਦੀ ਵੀ ਯੋਜਨਾ ਹੈ।