ਹੁਣ ਫਾਈਲ ਸ਼ੇਅਰਿੰਗ ਲਈ ਨਹੀਂ ਹੋਵੇਗੀ ਕਿਸੇ ਐਪ ਦੀ ਲੋੜ, ਗੂਗਲ ਲਿਆਈ Nearby Share ਫੀਚਰ
Wednesday, Aug 05, 2020 - 11:33 AM (IST)

ਗੈਜੇਟ ਡੈਸਕ– ਜੇਕਰ ਤੁਸੀਂ ਐਂਡਰਾਇਡ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਨਾਲ ਜੁੜੀ ਹੈ। ਹਾਲ ਹੀ ’ਚ ਭਾਰਤ ਸਰਕਾਰ ਨੇ 59 ਚੀਨੀ ਐਪਸ ਨੂੰ ਭਾਰਤ ’ਚ ਬੈਨ ਕੀਤਾ ਹੈ ਜਿਨ੍ਹਾਂ ’ਚ ShareIt ਐਪ ਵੀ ਸ਼ਾਮਲ ਸੀ। ਬਹੁਤ ਸਾਰੇ ਲੋਕ ShareIt ਦੀ ਵਰਤੋਂ ਫਾਈਲ ਸ਼ੇਅਰਿੰਗ ਲਈ ਕਰ ਰਹੇ ਸਨ। ਜੋ ਯੂਜ਼ਰਸ ਅਜਿਹੇ ਫਾਈਲ ਸ਼ੇਅਰਿੰਗ ਫੀਚਰ ਵਾਲੀ ਦੂਜੀ ਐਪ ਦੀ ਭਾਲ ਕਰ ਰਹੇ ਹਨ ਉਨ੍ਹਾਂ ਲਈ ਗੂਗਲ ਰਾਹਤ ਦੀ ਖ਼ਬਰ ਲੈ ਕੇ ਆਈ ਹੈ। ਗੂਗਲ ਨੇ ਐਂਡਰਾਇਡ ਡਿਵਾਈਸਿਜ਼ ਲਈ Nearby Share ਫੀਚਰ ਦਾ ਅਧਿਕਾਰਤ ਤੌਰ ’ਤੇ ਐਲਾਨ ਕਰ ਦਿੱਤਾ ਹੈ। ਇਸ ਰਾਹੀਂ ਇਕ ਐਂਡਰਾਇਡ ਡਿਵਾਈਸ ਤੋਂ ਦੂਜੀ ਐਂਡਰਾਇਡ ਡਿਵਾਈਸ ’ਚ ਤੇਜ਼ੀ ਨਾਲ ਫਾਈਲ ਸ਼ੇਅਰ ਕੀਤੀ ਜਾ ਸਕੇਗੀ।
ਗੂਗਲ ਨੇ ਕੀਤੀ ਪੁਸ਼ਟੀ
ਗੂਗਲ ਨੇ ਦੱਸਿਆ ਹੈ ਕਿ Nearby Share ਫੀਚਰ ਦੀ ਮਦਦ ਨਾਲ ਐਂਡਰਾਇਡ ਯੂਜ਼ਰਸ ਇਕ ਤੋਂ ਦੂਜੇ ਡਿਵਾਈਸ ’ਚ ਵਾਇਰਲੈੱਸ ਡਾਟਾ ਟ੍ਰਾਂਸਫਰ ਬਹੁਤ ਹੀ ਘੱਟ ਸਮੇਂ ’ਚ ਕਰ ਸਕਣਗੇ। ਨਵਾਂ ਫੀਚਰ ਐਂਡਰਾਇਡ 6 ਅਤੇ ਉਸ ਤੋਂ ਉਪਰ ਦੇ ਵਰਜ਼ਨ ’ਤੇ ਕੰਮ ਕਰ ਰਹੇ ਸਾਰੇ ਡਿਵਾਈਸਿਜ਼ ’ਤੇ ਉਪਲੱਬਧ ਕੀਤਾ ਜਾਵੇਗਾ।