ਗੂਗਲ ਨੇ ਬਦਲਿਆ ਜੀਮੇਲ ਐਪ ਦਾ ਆਈਕਾਨਿਕ ਲੋਗੋ, ਗਾਇਬ ਹੋਇਆ ਇਨਵੈਲਪ
Thursday, Oct 08, 2020 - 12:32 PM (IST)

ਗੈਜੇਟ ਡੈਸਕ– ਗੂਗਲ ਨੇ ਆਪਣੀ ਈਮੇਲ ਸਰਵਿਸ ਜੀਮੇਲ ਦੇ ਲੋਗੋ ’ਚ ਵੱਡਾ ਬਦਲਾਅ ਕਰ ਦਿੱਤਾ ਹੈ। ਕੰਪਨੀ ਨੇ ਜੀਮੇਲ ਦਾ ਨਵਾਂ ਲੋਗੋ ਬਣਾਇਆ ਹੈ ਜਿਸ ਵਿਚੋਂ ਆਈਕਾਨਿਕ ਇਨਵੈਲਪ ਨੂੰ ਹਟਾ ਦਿੱਤਾ ਗਿਆ ਹੈ। ਹੁਣ ਜੀਮੇਲ ਯੂਜ਼ਰ ਨੂੰ ਜੀਮੇਲ ਦੇ ਲੋਗੋ ’ਚ ਜਲਦ ਹੀ ਸਿਰਫ M ਸ਼ਬਦ ਵਿਖਾਈ ਦੇਵੇਗਾ, ਜਿਸ ਨੂੰ ਕਿ ਲਾਲ, ਨੀਲੇ, ਹਰੇ ਅਤੇ ਪੀਲੇ ਵਰਗੇ ਟ੍ਰੇਡਮਾਰਕ ਰੰਗ ਨਾਲ ਤਿਆਰ ਕੀਤਾ ਗਿਆ ਹੈ।
ਦੱਸ ਦੇਈਏ ਕਿ ਗੂਗਲ ਨੇ ਜੀ-ਸੂਟ ਸਰਵਿਸ ਦੀ ਵੀ ਰੀਬ੍ਰਾਂਡਿੰਗ ਕੀਤੀ ਹੈ , ਹੁਣ ਜੀ-ਸੂਟ ਵਰਕਪਲੇਸ ਦੇ ਨਾਂ ਨਾਲ ਜਾਣਿਆ ਜਾਵੇਗਾ। ਜਿਸ ਵਿਚ ਜੀਮੇਲ, ਮੀਟ ਅਤੇ ਚੈਟ ਸਮੇਤ ਹੋਰ ਸੁਵਿਧਾਵਾਂ ਇਕ ਹੀ ਥਾਂ ’ਤੇ ਦਿੱਤੀਆਂ ਜਾਣਗੀਆਂ।
ਜੀਮੇਲ ਟੀਮ ਦਾ ਕਹਿਣਾ ਹੈ ਕਿ ਇਹ ਪ੍ਰਕਿਰਿਆ ਆਸਾਨ ਨਹੀਂ ਸੀ। ਜਦੋਂ ਵੀ ਜੀਮੇਲ ਦੇ ਲੋਗੋ ’ਚ ਬਦਲਾਅ ਕਰਨ ਦੀਆਂ ਕੋਸ਼ਿਸ਼ਾਂ ’ਤੇ ਕੰਮ ਸ਼ੁਰੂ ਹੋਇਆ ਤਾਂ ਸਾਨੂੰ ਨੈਗਟਿਵ ਰਿਸਪਾਂਸ ਮਿਲੇ, ਜਿਸ ਤੋਂ ਬਾਅਦ ਇਨ੍ਹਾਂ ਕੋਸ਼ਿਸ਼ਾਂ ’ਤੇ ਰੋਕ ਲੱਗ ਗਈ। ਹੁਣ ਕਾਫੀ ਸੋਚ-ਵਿਚਾਰ ਕਰਕੇ ਜੀਮੇਲ ਦੇ ਲੋਗੋ ’ਚ ਬਦਲਾਅ ਕੀਤਾ ਗਿਆ ਹੈ। ਹੁਣ ਜੀਮੇਲ ਲੋਗੋ ਕਾਫੀ ਰੰਗੀਨ ਅਤੇ ਮਾਡਰਨ ਲੱਗ ਰਿਹਾ ਹੈ।
ਕੰਪਨੀ ਨੇ ਅਪਡੇਟ ਕੀਤੇ ਹਨ ਆਪਣੇ ਜ਼ਿਆਦਾਤਰ ਪ੍ਰੋਡਕਟਸ
ਗੂਗਲ ਨੇ ਬੀਤੇ ਦਿਨੀਂ ਆਪਣੀ ਵੀਡੀਓ ਕਾਨਫਰੰਸਿੰਗ ਸਰਵਿਸ ਮੀਟ ’ਚ ਵੀ ਦੋ ਨਵੇਂ ਫੀਚਰ ਜੋੜਨ ਦਾ ਐਲਾਨ ਕੀਤਾ ਸੀ, ਜਿਨ੍ਹਾਂ ਦੀ ਵਰਤੋਂ 8 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਗੂਗਲ ਨੇ ਕਲੰਡਰ, ਡਾਕਸ, ਮੀਟ ਅਤੇ ਸ਼ੀਟਸ ਦੇ ਲੋਗੋ ਵੀ ਅਪਡੇਟ ਕੀਤੇ ਹਨ। ਇਸ ਦਾ ਮਕਸਦ ਇਹ ਹੈ ਕਿ ਇਨ੍ਹਾਂ ਪ੍ਰੋਡਕਟਸ ਨੂੰ ਕੰਪਨੀ ਜੀਮੇਲ ਦੇ ਡਿਜ਼ਾਇਨ ਨਾਲ ਮੇਲ ਕਰਵਾਉਣਾ ਚਾਹੁੰਦੀ ਹੈ।