4000mAh ਦੀ ਦਮਦਾਰ ਬੈਟਰੀ ਤੇ 4GB ਰੈਮ ਦੇ ਨਾਲ ਲਾਂਚ ਹੋਇਆ Gionee F5
Tuesday, Feb 07, 2017 - 01:54 PM (IST)

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ ਨੇ ਆਪਣੀ ਐੱਫ ਸੀਰੀਜ਼ ਦਾ ਨਵਾਂ ਸਮਾਰਟਫੋਨ ਜਿਓਨੀ ਐੱਫ 5 ਲਾਂਚ ਕੀਤਾ ਹੈ। ਇਸ ਹੈਂਡਸੈੱਟ ਨੂੰ ਸਿਰਫ ਚੀਨ ''ਚ ਲਾਂਚ ਕੀਤਾ ਗਿਆ ਹੈ ਅਤੇ ਇਹ ਬਾਜ਼ਾਰ ''ਚ ਉਪਲੱਬਧ ਹੈ। ਜਿਓਨੀ ਐੱਫ 5 ਦੀ ਕੀਮਤ 1799 ਚੀਨੀ ਯੁਆਨ (ਕਰੀਬ 17,999 ਰੁਪਏ) ਹੈ। ਇਸ ਹੈਂਡਸੈੱਟ ਦੀ ਅਹਿਮ ਖਾਸੀਅਤ 4ਜੀ.ਬੀ. ਰੈਮ ਅਤੇ 4000 ਐੱਮ.ਏ.ਐੱਚ. ਦੀ ਬੈਟਰੀ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ ਗੋਲਡ ਅਤੇ ਰੋਜ਼ ਗੋਲਡ ਕਲਰ ''ਚ ਪੇਸ਼ ਕਰਨ ਦਾ ਫੈਸਲਾ ਕੀਤਾ ਹੈ। ਮੈਟਲ ਬਾਡੀ ਵਾਲੇ ਇਸ ਡਿਵਾਈਸ ''ਚ ਫਰੰਟ ਪੈਨਲ ''ਤੇ ਫਿਜ਼ੀਕਲ ਹੋਮ ਬਟਨ ਹੈ। ਵਾਲਿਊਮ ਅਤੇ ਪਾਵਰ ਬਟਨ ਸੱਜੇ ਕਿਨਾਰੇ ''ਤੇ ਮੌਜੂਦ ਹਨ।
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਜਿਓਨੀ ਐੱਫ 5 ''ਚ 5.3-ਇੰਚ ਦੀ ਐੱਚ.ਡੀ. (1280x720 ਪਿਕਸਲ) 2.5ਡੀ ਕਵਰਡ ਗਲਾਸ ਡਿਸਪਲੇ ਹੈ। ਇਸ ਵਿਚ 1.5 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ ਐੱਮ.ਟੀ.6750 ਚਿੱਪਸੈੱਟ ਦੇ ਨਾਲ 4ਜੀ.ਬੀ. ਰੈਮ ਦਿੱਤੀ ਗਈ ਹੈ। ਇੰਟਰਨਲ ਸਟੋਰੇਜ 32ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਜਿਓਨੀ ਐੱਫ 5 ''ਚ 13 ਮੈਗਾਪਿਕਸਲ ਦੇ ਰਿਅਰ ਕੈਮਰੇ ਨਾਲ ਐੱਲ.ਈ.ਡੀ. ਫਲੈਸ਼ ਦਿੱਤੀ ਗਈ ਹੈ। ਉਥੇ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਵਿਚ 8 ਮੈਗਾਪਿਕਸਲ ਦਾ ਕੈਮਰਾ ਦਿੱਤੀ ਗਿਆ ਹੈ। ਹਾਈਬ੍ਰਿਡ ਡੁਅਲ ਸਿਮ ਸਲਾਟ ਦੇ ਨਾਲ ਆਉਣ ਵਾਲੇ ਇਸ ਫੋਨ ''ਚ 4000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਵਿਚ ਐਂਡਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਅਮਿਗੋ ਓ.ਐੱਸ. 3.2 ਦੀ ਵਰਤੋਂ ਕੀਤੀ ਗਈ ਹੈ। ਜਿਓਨੀ ਐੱਫ 5 ''ਚ ਫਿੰਗਰਪ੍ਰਿੰਟ ਸੈਂਸਰ ਹੋਮ ਬਟਨ ਦੇ ਹੇਠਾਂ ਮੌਜੂਦ ਹੈ। ਫਿਲਹਾਲ ਇਹ ਸਾਫ ਨਹੀਂ ਹੈ ਕਿ ਫੋਨ ਨੂੰ ਭਾਰਤ ''ਚ ਕਦੋਂ ਤੱਕ ਲਾਂਚ ਕੀਤਾ ਜਾਵੇਗਾ।