ਫੇਕ ਨਿਊਜ਼ ਦੀ ਵਧ ਰਹੀ ਸਮੱਸਿਆ ਨੂੰ ਲੈ ਕੇ ਫੇਸਬੁੱਕ ਨੇ ਚੁੱਕਿਆ ਵੱਡਾ ਕਦਮ
Monday, Oct 29, 2018 - 10:43 AM (IST)
ਹੁਣ ਖਬਰ ਪੜ੍ਹਨ ’ਤੇ ਸ਼ੇਅਰ ਕਰਨ ਤੋਂ ਪਹਿਲਾਂ ਮਿਲੇਗੀ ਸੋਮੇ ਦੀ ਪੂਰੀ ਜਾਣਕਾਰੀ
ਗੈਜੇਟ ਡੈਸਕ– ਫੇਕ ਨਿਊਜ਼ ਦੀ ਵਧ ਰਹੀ ਸਮੱਸਿਆ ’ਤੇ ਕਾਬੂ ਪਾਉਣ ਲਈ ਫੇਸਬੁੱਕ ਨੇ ਵੱਡਾ ਕਦਮ ਚੁੱਕਿਆ ਹੈ। ਫੇਸਬੁੱਕ ਨੇ ਲੰਮੇ ਸਮੇਂ ਦੀ ਟੈਸਟਿੰਗ ਪਿੱਛੋਂ ਆਖਿਰ ਬੈਕਗਰਾਊਂਡ ਇਨਫਾਰਮੇਸ਼ਨ ਫੀਚਰ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਮਦਦ ਨਾਲ ਯੂਜ਼ਰਸ ਨੂੰ ਨਿਊਜ਼ ਆਰਟੀਕਲ ਤੇ ਉਸ ਦੇ ਪ੍ਰਕਾਸ਼ਕ ਦੀ ਜਾਣਕਾਰੀ ਸ਼ੋਅ ਹੋਵੇਗੀ, ਜਿਸ ਨਾਲ ਯੂਜ਼ਰ ਨੂੰ ਖਬਰ ਦੀ ਕੁਆਲਿਟੀ ਦਾ ਪਤਾ ਲਾਉਣ ਵਿਚ ਮਦਦ ਮਿਲੇਗੀ। ਉਸ ਨੂੰ ਇਹ ਵੀ ਸਮਝਣ ਵਿਚ ਆਸਾਨੀ ਹੋ ਜਾਵੇਗੀ ਕਿ ਇਸ ਖਬਰ ਨੂੰ ਸ਼ੇਅਰ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਨਿਊਜ਼ ਸੋਰਸ ਨੂੰ ਲੈ ਕੇ ਵੀ ਜ਼ਿਆਦਾ ਜਾਣਕਾਰੀ ਇਸ ਰਾਹੀਂ ਦੇਖਣ ਨੂੰ ਮਿਲੇਗੀ। ਇਸ ਨੂੰ ਸਭ ਤੋਂ ਪਹਿਲਾਂ ਭਾਰਤ, ਜਰਮਨੀ, ਫਰਾਂਸ, ਸਪੇਨ ਤੇ ਪੋਲੈਂਡ ਲਈ ਰੋਲਿੰਗ ਆਊਟ ਕਰਨਾ ਸ਼ੁਰੂ ਕੀਤਾ ਗਿਆ ਹੈ।

ਕੀ ਮਿਲੇਗਾ ਇਸ ਫੀਚਰ ’ਚ ਖਾਸ?
ਨਵੇਂ ਬੈਕਗਰਾਊਂਡ ਇਨਫਾਰਮੇਸ਼ਨ ਫੀਚਰ ਨਾਲ ਫੇਸਬੁੱਕ ਯੂਜ਼ਰਸ ਨੂੰ ਪ੍ਰਕਾਸ਼ਕ ਦੇ ਵੇਰਵੇ, ਪ੍ਰਕਾਸ਼ਕ ਵਲੋਂ ਪਲੇਟਫਾਰਮ ’ਤੇ ਪੋਸਟ ਕੀਤੀ ਗਈ ਰੀਸੈਂਟ ਸਟੋਰੀ ਅਤੇ ਇਹ ਦੇਖਣ ਨੂੰ ਮਿਲੇਗਾ ਕਿ ਇਹ ਆਰਟੀਕਲ ਤੁਹਾਡੇ ਕਿਹੜੇ ਦੋਸਤ ਨੇ ਸ਼ੇਅਰ ਕੀਤਾ ਹੈ। ਇਸ ਤੋਂ ਇਲਾਵਾ ਸੋਰਸ ਦਾ ਡੋਮੇਨ ਕਿੰਨਾ ਪੁਰਾਣਾ ਹੈ, ਇਸ ਦਾ ਵੇਰਵਾ ਵੀ ਮਿਲੇਗਾ।

ਫੇਸਬੁੱਕ ਦਾ ਬਿਆਨ
ਕੰਪਨੀ ਦਾ ਕਹਿਣਾ ਹੈ ਕਿ ਇਹ ਫੀਚਰ ਕਈ ਪ੍ਰਕਾਸ਼ਕਾਂ ਤੇ ਯੂਜ਼ਰਸ ਦੇ ਮਲਟੀਪਲ ਸੈੱਟਸ ਰਾਹੀਂ ਵਿਕਸਿਤ ਕੀਤਾ ਗਿਆ ਹੈ। ਇਸ ਨੂੰ ਸਮੇਂ ਦੇ ਨਾਲ ਹੋਰ ਵੀ ਵਧਾਇਆ ਜਾਵੇਗਾ। ਬੈਕਗਰਾਊਂਡ ਇਨਫਾਰਮੇਸ਼ਨ ਫੀਚਰ ਰਾਹੀਂ ਯੂਜ਼ਰਸ ਨੂੰ ਨਿਊਜ਼ ਆਰਟੀਕਲ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਦੇਖਣ ਨੂੰ ਮਿਲੇਗੀ। ਇਸ ਦੀ ਮਦਦ ਨਾਲ ਯੂਜ਼ਰਸ ਆਸਾਨੀ ਨਾਲ ਖਬਰ ਦੀ ਕੁਆਲਿਟੀ ਦਾ ਪਤਾ ਲਾ ਸਕਣਗੇ ਅਤੇ ਇਸ ਨਿਊਜ਼ ਆਰਟੀਕਲ ’ਤੇ ਉਹ ਭਰੋਸਾ ਕਰ ਸਕਦੇ ਹਨ ਜਾਂ ਨਹੀਂ, ਇਸ ਗੱਲ ਨੂੰ ਤੈਅ ਕਰ ਸਕਣਗੇ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਵਲੋਂ ਚੁੱਕੇ ਗਏ ਇਸ ਕਦਮ ਨਾਲ ਫੇਕ ਨਿਊਜ਼ ’ਤੇ ਲਗਾਮ ਕੱਸਣ ’ਚ ਮਦਦ ਮਿਲੇਗੀ।
ਲੇਖਕ ਦੀ ਮਿਲੇਗੀ ਜਾਣਕਾਰੀ
ਇਸ ਫੀਚਰ ਦੀ ਮਦਦ ਨਾਲ ਲੇਖਕ ਦੀ ਵਿਕੀਪੀਡੀਆ ਡਿਸਕ੍ਰਿਪਸ਼ਨ ਦੇਖਣ ਨੂੰ ਮਿਲੇਗੀ ਅਤੇ ਇਕ ਫਾਲੋ ਬਟਨ ਤੇ ਇਕ ਰੀਸੈਂਟ ਆਰਟੀਕਲ ਵੀ ਸ਼ੋਅ ਹੋਵੇਗਾ। ਸਾਲ 2017 ਵਿਚ ਫੇਸਬੁੱਕ ਨੇ ਨਵਾਂ ਫੀਚਰ ਅਮਰੀਕਾ ’ਚ ਟੈਸਟ ਕਰਨਾ ਸ਼ੁਰੂ ਕੀਤਾ ਸੀ, ਜਿਸ ਨੂੰ ਹੁਣ ਹੌਲੀ-ਹੌਲੀ ਪੂਰੀ ਦੁਨੀਆ ਤਕ ਪਹੁੰਚਾਇਆ ਜਾਵੇਗਾ।
