ਇਸ ਸਿਸਟਮ ’ਚ ਗੜਬੜੀ ਕਾਰਨ ਡਾਊਨ ਹੋਈ ਸੀ ਫੇਸਬੁੱਕ, ਕੰਪਨੀ ਨੇ ਯੂਜ਼ਰਜ਼ ਤੋਂ ਮੰਗੀ ਮਾਫੀ

11/29/2019 1:07:19 PM

ਗੈਜੇਟ ਡੈਸਕ– ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਸਰਵਿਸ ਵੀਰਵਾਰ ਦੁਪਹਿਰ ਤੋਂ ਡਾਊਨ ਹੋ ਗਈ ਸੀ। ਜਿਸ ਕਾਰਨ ਯੂਜ਼ਰਜ਼ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਫਿਲਹਾਲ ਹੁਣ ਇਹ ਸਮੱਸਿਆ ਖਤਮ ਹੋ ਗਈ ਹੈ। ਫੇਸਬੁੱਕ ਨੇ ਦੱਸਿਆ ਕਿ ਸੈਂਟਰਲ ਸਾਫਟਵੇਅਰ ਸਿਸਟਮ ’ਚ ਤਕਨੀਕੀ ਖਾਮੀ ਦੇ ਚੱਲਦੇ ਇਹ ਸਮੱਸਿਆ ਸਾਹਮਣੇ ਆਈ ਸੀ। ਭਾਰਤ ’ਚ ਵੀ ਢੇਰਾਂ ਯੂਜ਼ਰਜ਼ ਨੇ ਫੇਸਬੁੱਕ ਡਾਊਨ ਹੋਣ ਅਤੇ ਕਈ ਫੀਚਰਜ਼ ਦੇ ਕੰਮ ਨਾ ਕਰਨ ਦੀ ਸ਼ਿਕਾਇਤ ਕੀਤੀ। ਇਸ ਪਰੇਸ਼ਾਨੀ ਦਾ ਸਾਹਮਣਾ  ਸਿਰਫ ਭਾਰਤ ਨੇ ਹੀ ਨਹੀਂ ਸਗੋਂ ਡੈਨਮਾਰਕ, ਜਰਮਨੀ, ਫਰਾਂਸ, ਸਪੇਨ, ਹੰਗਰੀ ਅਤੇ ਪੋਲੈਂਡ ਦੇ ਯੂਜ਼ਰਜ਼ ਨੂੰ ਵੀ ਕਰਨਾ ਪਿਆ। 

 

ਇਸ ਤੋਂ ਇਲਾਵਾ ਢੇਰਾਂ ਯੂਜ਼ਰਜ਼ ਨੇ ਇੰਸਟਾਗ੍ਰਾਮ ਕ੍ਰੈਸ਼ ਹੋਣ ਨੂੰ ਰਿਪੋਰਟ ਕੀਤਾ, ਜਿਨ੍ਹਾਂ ’ਚੋਂ 74 ਫੀਸਦੀ ਨੇ ਕਿਹਾ ਕਿ ਉਨ੍ਹਾਂ ਨੂੰ ਨਿਊਜ਼ ਫੀਡ ’ਚ ਦਿੱਕਤ ਹੋਈ। ਇਸੇ ਤਰ੍ਹਾਂ 14 ਫੀਸਦੀ ਨੂੰ ਸਟੋਰੀਜ਼ ਫੀਚਰ ਅਤੇ 10 ਫੀਸਦੀ ਨੂੰ ਵੈੱਬਸਾਈਟ ’ਤੇ ਦਿੱਕਤ ਦਾ ਸਾਹਮਣਾ ਕਰਨਾ ਪਿਆ। ਕਈ ਯੂਜ਼ਰਜ਼ ਨੇ ਲਿਖਿਆ ਕਿ ਉਨ੍ਹਾਂ ਨੂੰ ਕੁਮੈਂਟ ਕਰਨ ਜਾਂ ਸਟੋਰੀ ਪਬਲਿਸ਼ ਕਰਨ ’ਚ ਪਰੇਸ਼ਾਨੀ ਹੋਈ ਅਤੇ ਕਈ ਫੀਚਰਜ਼ ਨੇ ਕੰਮ ਨਹੀਂ ਕੀਤਾ। 

 

ਲਾਗ-ਇਨ ਕਰਨ ’ਚ ਹੋ ਰਹੀ ਸੀ ਪਰੇਸ਼ਾਨੀ
ਫੇਸਬੁੱਕ ਡਾਊਨ ਹੋਣ ਦੀ ਰਿਪੋਰਟ ਜਿਨ੍ਹਾਂ ਯੂਜ਼ਰਜ਼ ਨੇ ਸ਼ੇਅਰ ਕੀਤੀ, ਉਨ੍ਹਾਂ ’ਚੋਂ 65 ਫੀਸਦੀ ਨੂੰ ਲਾਗ-ਇਨ ਕਰਨ ’ਚ ਪਰੇਸ਼ਾਨੀ ਹੋਈ, 22 ਫੀਸਦੀ ਫੋਟੋਜ਼ ਨਹੀਂ ਦੇਖ ਪਾ ਰਹੇ ਸਨ ਅਤੇ ਕਰੀਬ 11 ਫੀਸਦੀ ਟੋਟਲ ਬਲੈਕਆਊਟ ਦਾ ਸ਼ਿਕਾਰ ਹੋਏ। ਢੇਰਾਂ ਯੂਜ਼ਰਜ਼ ਲਈ ਵੈੱਬਸਾਈਟ ਕ੍ਰੈਸ਼ ਹੋ ਗਈ ਅਤੇ ਕਈ ਯੂਜ਼ਰਜ਼ ਨੂੰ ਸਾਈਟ ਦਾ ਐਡਰੈੱਸ ਪਾਉਣ ’ਤੇ error message ਵੀ ਦਿਖਾਈ ਦਿੱਤਾ। ਭਾਰਤ ’ਚ ਦਿੱਲੀ ਅਤੇ ਬੈਂਗਲੁਰੂ ’ਚ ਸਭ ਤੋਂ ਜ਼ਿਆਦਾ ਯੂਜ਼ਰਜ਼ ਨੇ ਇਸ ਦੀ ਸ਼ਿਕਾਇਤ ਕੀਤੀ। 

ਯੂਜ਼ਰਜ਼ ਨੂੰ ਦਿਸਿਆ ਇਹ ਮੈਸੇਜ
ਯੂਜ਼ਰਜ਼ ਨੂੰ ਏਰਰ ਮੈਸੇਜ ’ਚ ਲਿਖਿਆ ਦਿਸਿਆ, ‘ਫੇਸਬੁੱਕ ਜ਼ਰੂਰੀ ਮੇਂਟੇਨੈਂਸ ਲਈ ਡਾਊਨ ਹੈ ਪਰ ਤੁਸੀਂ ਅਗਲੇ ਕੁਝ ਮਿੰਟਾਂ ’ਚ ਦੁਬਾਰਾ ਇਸ ਨੂੰ ਐਕਸੈਸ ਕਰ ਸਕੋਗੇ।’ ਦੱਸ  ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਯੂਜ਼ਰਜ਼ ਲਈ ਸਾਈਟਸ ਡਾਊਨ ਹੋਈਆਂ ਹਨ। ਇਸ ਤੋਂ ਪਹਿਲਾਂ ਵੀ ਅਚਾਨਕ ਫੇਸਬੁੱਕ ਅਤੇ ਉਸ ਦੀਆਂ ਸੇਵਾਵਾਂ ਗਲੋਬਲੀ ਡਾਊਨ ਹੋ ਗਈਆਂ ਸਨ। 


Related News