ਦੇਸ਼ ''ਚ EV ਦੀ ਵਿਕਰੀ ਨੇ ਤੋੜ''ਤੇ ਰਿਕਾਰਡ ! ਵਿਕ ਗਏ 3.27 ਲੱਖ ਤੋਂ ਵੱਧ ਇਲੈਕਟ੍ਰਿਕ ਵਾਹਨ
Saturday, Aug 08, 2026 - 01:03 PM (IST)
ਨਵੀਂ ਦਿੱਲੀ (ਏਜੰਸੀ)- ਦੇਸ਼ 'ਚ ਇਲੈਕਟ੍ਰਿਕ ਵਾਹਨਾਂ (EV) ਦੀ ਪਰਚੂਨ ਵਿਕਰੀ ਨੇ ਜੁਲਾਈ 2026 'ਚ ਇਕ ਨਵਾਂ ਰਿਕਾਰਡ ਬਣਾ ਲਿਆ ਹੈ। ਇਲੈਕਟ੍ਰਿਕ ਵਾਹਨਾਂ ਦੀ ਕੁੱਲ ਪਰਚੂਨ ਵਿਕਰੀ ਜੁਲਾਈ 'ਚ 66 ਫੀਸਦੀ ਵਾਧੇ ਨਾਲ 3,27,901 ਯੂਨਿਟ ਦੇ ਰਿਕਾਰਡ ਪੱਧਰ 'ਤੇ ਰਹੀ। ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (FADA) ਨੇ ਸ਼ੁੱਕਰਵਾਰ ਨੂੰ ਇਹ ਰਿਪੋਰਟ ਦਿੱਤੀ। ਇਸ ਨਵੇਂ ਰਿਕਾਰਡ ਦੇ ਨਾਲ, ਦੇਸ਼ 'ਚ ਵਿਕਣ ਵਾਲਾ ਲਗਭਗ ਹਰ 8ਵਾਂ ਵਾਹਨ ਹੁਣ ਇਲੈਕਟ੍ਰਿਕ ਵਾਹਨ ਹੈ।
ਭਾਰਤ 'ਚ ਇਸ ਤੋਂ ਪਹਿਲੇ ਜੂਨ 2026 'ਚ ਸਭ ਤੋਂ ਵੱਧ 306,220 ਇਲੈਕਟ੍ਰਿਕ ਵਾਹਨਾਂ ਦੀ ਪਰਚੂਨ ਵਿਕਰੀ ਹੋਈ ਸੀ, ਜੋ ਕਿ ਜੂਨ 2025 ਤੋਂ 63 ਫੀਸਦੀ ਵੱਧ ਸੀ। ਇਹ ਰਿਕਾਰਡ ਜੁਲਾਈ 'ਚ ਵੀ ਟੁੱਟ ਗਿਆ। ਲਗਾਤਾਰ ਵਧਦੀ ਵਿਕਰੀ ਦੇ ਨਾਲ, ਇਲੈਕਟ੍ਰਿਕ ਵਾਹਨਾਂ ਦਾ ਹਿੱਸਾ ਪਹਿਲੀ ਵਾਰ 12 ਫੀਸਦੀ ਤੋਂ ਵੱਧ ਬਣਿਆ ਹੋਇਆ ਹੈ। FADA ਨੇ ਇਕ ਬਿਆਨ 'ਚ ਕਿਹਾ ਕਿ ਜੁਲਾਈ 'ਚ ਸਭ ਤੋਂ ਵੱਧ ਵਾਧਾ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਵਿਕਰੀ 'ਚ ਦਰਜ ਕੀਤਾ ਗਿਆ ਹੈ। ਸਮੀਖਿਆ ਅਧੀਨ ਮਹੀਨੇ 'ਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਵਿਕਰੀ 88.32 ਫੀਸਦੀ ਵਧ ਕੇ 204,362 ਯੂਨਿਟ ਰਹੀ, ਜਦੋਂ ਕਿ ਜੁਲਾਈ 2025 'ਚ ਇਹ ਗਿਣਤੀ 108,516 ਸੀ।
ਇਲੈਕਟ੍ਰਿਕ ਯਾਤਰੀ ਵਾਹਨਾਂ (PV) ਦੀ ਪਰਚੂਨ ਵਿਕਰੀ ਜੁਲਾਈ 'ਚ 83.13 ਫੀਸਦੀ ਵਧ ਕੇ 32,928 ਯੂਨਿਟ ਰਹੀ, ਜੋ ਪਿਛਲੇ ਸਾਲ ਇਸੇ ਮਹੀਨੇ 17,981 ਯੂਨਿਟ ਸੀ। ਇਲੈਕਟ੍ਰਿਕ ਤਿੰਨ-ਪਹੀਆ ਵਾਹਨਾਂ ਦੀ ਵਿਕਰੀ 25.3 ਫੀਸਦੀ ਵਧ ਕੇ 87,055 ਯੂਨਿਟ ਹੋ ਗਈ, ਜੋ ਕਿ ਜੁਲਾਈ 2025 'ਚ 69,477 ਯੂਨਿਟ ਸੀ। FADA ਦੇ ਅਨੁਸਾਰ, ਜੁਲਾਈ 2026 'ਚ ਇਲੈਕਟ੍ਰਿਕ ਵਪਾਰਕ ਵਾਹਨਾਂ (CV) ਦੀ ਪਰਚੂਨ ਵਿਕਰੀ 168.6 ਫੀਸਦੀ ਵਧ ਕੇ 3,556 ਯੂਨਿਟ ਹੋ ਗਈ, ਜੋ ਕਿ ਪਿਛਲੇ ਸਾਲ ਇਸੇ ਮਹੀਨੇ 1,324 ਯੂਨਿਟ ਸੀ। FADA ਦੇ ਉਪ ਪ੍ਰਧਾਨ ਸਾਈ ਗਿਰੀਧਰ ਨੇ ਕਿਹਾ,"ਭਾਰਤ ਨੇ ਜੁਲਾਈ 2026 'ਚ ਜਿੰਨੇ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਕੀਤੀ ਹੈ, ਓਨੀ ਅੱਜ ਤੱਕ ਕਿਸੇ ਵੀ ਮਹੀਨੇ 'ਚ ਵਿਕਰੀ ਨਹੀਂ ਹੋ ਸਕੀ। ਕੰਪਨੀ ਨੇ ਇਸ ਮਹੀਨੇ 3,27,901 ਯੂਨਿਟ ਵੇਚੇ, ਜੋ ਕਿ ਸਾਲ ਦਰ ਸਾਲ 66 ਫੀਸਦੀ ਵੱਧ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
