ਗੱਡੀਆਂ ਦੇ ਸ਼ੌਕੀਨਾਂ ਲਈ ਵੱਡੀ ਖਬਰ: ਨਵੇਂ ਇੰਜਣ ਤੇ ਨਵੇਂ ਅੰਦਾਜ਼ ''ਚ ਲਾਂਚ ਹੋਈ ਮਾਰੂਤੀ ਦੀ SUV
Friday, Jul 24, 2026 - 10:25 PM (IST)
ਨਵੀਂ ਦਿੱਲੀ : ਮਾਰੂਤੀ ਸੁਜ਼ੂਕੀ ਨੇ ਆਪਣੀ ਪ੍ਰਸਿੱਧ ਐਸਯੂਵੀ (SUV) ਬ੍ਰੇਜ਼ਾ ਦਾ ਨਵਾਂ ਫੇਸਲਿਫਟ ਮਾਡਲ ਭਾਰਤ ਵਿੱਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਕਾਰ ਦੇ ਇੰਟੀਰੀਅਰ ਅਤੇ ਐਕਸਟੀਰੀਅਰ ਦੋਵਾਂ ਵਿੱਚ ਵੱਡੇ ਬਦਲਾਅ ਕੀਤੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਲਾਂਚ ਹੋਣ ਤੋਂ ਪਹਿਲਾਂ ਹੀ ਇਸ ਕਾਰ ਨੇ ਭਾਰਤ ਐਨਕੈਪ (B-NCAP) ਕਰੈਸ਼ ਟੈਸਟ ਵਿੱਚ 5-ਸਟਾਰ ਸੇਫਟੀ ਰੇਟਿੰਗ ਹਾਸਲ ਕਰਕੇ ਸੁਰੱਖਿਆ ਦੇ ਮਾਮਲੇ ਵਿੱਚ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ।
ਕੀਮਤ ਅਤੇ ਇੰਜਣ ਵਿਕਲਪ
ਨਵੀਂ ਮਾਰੂਤੀ ਸੁਜ਼ੂਕੀ ਬ੍ਰੇਜ਼ਾ ਫੇਸਲਿਫਟ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 7.39 ਲੱਖ ਰੁਪਏ ਰੱਖੀ ਗਈ ਹੈ। ਕੰਪਨੀ ਨੇ ਇਸ ਵਿੱਚ ਕਈ ਇੰਜਣ ਵਿਕਲਪ ਦਿੱਤੇ ਹਨ। ਪਹਿਲੀ ਵਾਰ ਇਸ ਵਿੱਚ 1.0 ਲੀਟਰ ਦਾ ਟਰਬੋ ਪੈਟਰੋਲ ਇੰਜਣ ਜੋੜਿਆ ਗਿਆ ਹੈ, ਜੋ 110 HP ਦੀ ਪਾਵਰ ਅਤੇ 170 Nm ਦਾ ਟਾਰਕ ਪੈਦਾ ਕਰਦਾ ਹੈ। ਪੁਰਾਣਾ 1.5 ਲੀਟਰ ਪੈਟਰੋਲ ਇੰਜਣ ਵੀ ਉਪਲਬਧ ਰਹੇਗਾ। ਸੀਐਨਜੀ ਦੇ ਸ਼ੌਕੀਨਾਂ ਲਈ ਹੁਣ ਅੰਡਰ-ਬਾਡੀ ਸੀਐਨਜੀ ਟੈਂਕ ਦਿੱਤਾ ਗਿਆ ਹੈ, ਜਿਸ ਨਾਲ ਬੂਟ ਸਪੇਸ (ਡਿੱਗੀ) ਵਿੱਚ ਜ਼ਿਆਦਾ ਜਗ੍ਹਾ ਮਿਲੇਗੀ। ਕਾਰ ਦੇ ਸਾਰੇ ਮਾਡਲਾਂ ਵਿੱਚ 6-ਸਪੀਡ ਮੈਨੂਅਲ ਗਿਅਰਬਾਕਸ ਸਟੈਂਡਰਡ ਮਿਲੇਗਾ, ਜਦਕਿ 1.5 ਲੀਟਰ ਪੈਟਰੋਲ ਵੇਰੀਐਂਟ ਵਿੱਚ ਆਟੋਮੈਟਿਕ ਟ੍ਰਾਂਸਮਿਸ਼ਨ ਦਾ ਵਿਕਲਪ ਵੀ ਹੈ।

ਨਵਾਂ ਲੁੱਕ ਅਤੇ ਹਾਈ-ਟੈਕ ਇੰਟੀਰੀਅਰ
ਕਾਰ ਦੇ ਬਾਹਰੀ ਹਿੱਸੇ ਵਿੱਚ ਨਵੀਂ ਡਾਰਕ ਕਰੋਮ ਫਿਨਿਸ਼ ਵਾਲੀ ਗਰਿੱਲ, ਐਲ-ਸ਼ੇਪਡ (L-shaped) DRLs ਅਤੇ ਰੀਡਿਜ਼ਾਈਨ ਕੀਤੇ ਗਏ ਬੰਪਰ ਦਿੱਤੇ ਗਏ ਹਨ। ਇੰਟੀਰੀਅਰ ਨੂੰ ਵੀ ਨਵੀਂ ਬਲੈਕ ਅਤੇ ਬਰਾਊਨ ਥੀਮ ਨਾਲ ਅਪਡੇਟ ਕੀਤਾ ਗਿਆ ਹੈ। ਇਸ ਵਿੱਚ 10.1 ਇੰਚ ਦਾ ਸਮਾਰਟਪਲੇ ਪ੍ਰੋ ਐਕਸ ਇੰਫੋਟੇਨਮੈਂਟ ਸਿਸਟਮ, 64-ਕਲਰ ਐਂਬੀਐਂਟ ਲਾਈਟਿੰਗ, ਵੈਂਟੀਲੇਟਿਡ ਫਰੰਟ ਸੀਟਾਂ ਅਤੇ ਵਾਇਰਲੈੱਸ ਫੋਨ ਚਾਰਜਿੰਗ ਵਰਗੇ ਆਧੁਨਿਕ ਫੀਚਰ ਸ਼ਾਮਲ ਹਨ।
ਬਜ਼ਾਰ ਵਿੱਚ ਇਸ ਕਾਰ ਦਾ ਸਿੱਧਾ ਮੁਕਾਬਲਾ ਹੁੰਡਈ ਵੇਨਿਊ, ਟਾਟਾ ਨੇਕਸਨ, ਮਹਿੰਦਰਾ XUV 3XO ਅਤੇ ਕਿਆ ਸੋਨੇਟ ਵਰਗੀਆਂ ਦਿੱਗਜ ਕਾਰਾਂ ਨਾਲ ਹੋਵੇਗਾ। ਆਪਣੀ ਸ਼ਾਨਦਾਰ ਸੇਫਟੀ ਰੇਟਿੰਗ ਅਤੇ ਨਵੇਂ ਫੀਚਰਸ ਦੇ ਦਮ 'ਤੇ ਇਹ ਕਾਰ ਗਾਹਕਾਂ ਲਈ ਇੱਕ ਬਿਹਤਰ 'ਵੈਲਿਊ ਫਾਰ ਮਨੀ' ਵਿਕਲਪ ਸਾਬਤ ਹੋ ਸਕਦੀ ਹੈ।
