ਐਪਲ ਦੇ ਚੀਨ ਛੱਡ ਕੇ ਭਾਰਤ ਆਉਣ ਦਾ ਡੂੰਘਾ ਦੁੱਖ ਹੈ ਡ੍ਰੈਗਨ ਨੂੰ

Tuesday, Sep 19, 2023 - 01:46 PM (IST)

ਚੀਨ ਤੋਂ ਬਾਹਰ ਨਿਕਲਣ ਵਾਲੀਆਂ ਵਿਦੇਸ਼ੀ ਕੰਪਨੀਆਂ ’ਚ ਸੈਮਸੰਗ, ਫਾਕਸਕਾਨ ਅਤੇ ਐਪਲ ਵਰਗੀਆਂ ਚੋਟੀ ਦੀਆਂ ਕੰਪਨੀਆਂ ਵੀ ਸ਼ਾਮਲ ਹਨ। ਕੋਰੋਨਾ ਮਹਾਮਾਰੀ ਅਤੇ ਚੀਨ ਦੀ ਸਖਤ ਲਾਕਡਾਊਨ ਨੀਤੀ ਕਾਰਨ ਜਦ ਤੋਂ ਚੀਨ ਦੀ ਅਰਥਵਿਵਸਥਾ ਡਾਵਾਂਡੋਲ ਹੋਣ ਲੱਗੀ ਹੈ ਤਦ ਤੋਂ ਸਾਰੀਆਂ ਵਿਦੇਸ਼ੀ ਕੰਪਨੀਆਂ ਚੀਨ ਤੋਂ ਬਾਹਰ ਨਿਕਲਣ ਲੱਗੀਆਂ ਹਨ। ਅਜਿਹਾ ਨਹੀਂ ਹੈ ਕਿ ਚੀਨ ਦੀਆਂ ਦੇਸੀ ਕੰਪਨੀਆਂ ਚੀਨ ਤੋਂ ਬਾਹਰ ਨਹੀਂ ਨਿਕਲੀਆਂ, ਜਿਨ੍ਹਾਂ ਕੰਪਨੀਆਂ ਨੂੰ ਵੀ ਮੌਕਾ ਮਿਲਿਆ ਉਹ ਚੀਨ ਤੋਂ ਬਾਹਰ ਭੱਜ ਨਿਕਲੀਆਂ ਪਰ ਚੀਨ ਨੂੰ ਅਮਰੀਕੀ ਮੋਬਾਇਲ ਫੋਨ ਕੰਪਨੀ ਐਪਲ ਦੇ ਚੀਨ ਛੱਡ ਕੇ ਭਾਰਤ ਆਉਣ ’ਤੇ ਡੂੰਘਾ ਅਫਸੋਸ ਹੈ, ਇਸ ਦੇ ਪਿੱਛੇ ਇਕ ਕਾਰਨ ਇਹ ਵੀ ਹੈ ਕਿ ਚੀਨ ਵਿਚ ਕੋਈ ਵਿਅਕਤੀ ਭਾਵੇਂ ਅਮੀਰ ਹੋਵੇ ਜਾਂ ਗਰੀਬ, ਜਿਸ ਕੋਲ ਵੀ ਪੈਸਾ ਹੈ, ਉਹ ਐਪਲ ਮੋਬਾਇਲ ਹੀ ਖਰੀਦਦਾ ਹੈ।

ਚੀਨ ’ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਫੋਨ ਸ਼ਿਆਓਮੀ, ਰੀਅਲਮੀ ਜਾਂ ਵਨ ਪਲੱਸ ਨਹੀਂ ਸਗੋਂ ਐਪਲ ਫੋਨ ਹੈ। ਚੀਨ ’ਚ ਐਪਲ ਫੋਨ ਦੀ ਫੈਕਟਰੀ ਲੱਗਣ ਕਾਰਨ ਚੀਨ ਅੰਦਰ ਮਿਲਣ ਵਾਲੇ ਐਪਲ ਮੋਬਾਇਲ ਫੋਨ ਆਸ ਮੁਤਾਬਕ ਸਸਤੇ ਹੁੰਦੇ ਸਨ। ਇੱਥੇ ਬਣੇ ਫੋਨ ਪੂਰੀ ਦੁਨੀਆ ’ਚ ਸਪਲਾਈ ਕੀਤੇ ਜਾਂਦੇ ਹਨ। ਇਸ ਨਾਲ ਐਪਲ ਕੰਪਨੀ ਨੂੰ ਫਾਇਦਾ ਮਿਲਿਆ ਪਰ ਪਿਛਲੇ ਤਿੰਨ ਸਾਲਾਂ ’ਚ ਚੀਨ ਨੇ ਜਿਨ੍ਹਾਂ ਗਲਤ ਨੀਤੀਆਂ ਨੂੰ ਅਪਣਾਇਆ ਉਸ ਨਾਲ ਬਹੁਤ ਸਾਰੀਆਂ ਦੇਸੀ-ਵਿਦੇਸ਼ੀ ਕੰਪਨੀਆਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ। ਇਸ ਲਈ ਹੁਣ ਇਹ ਕੰਪਨੀਆਂ ਚੀਨ ਛੱਡ ਕੇ ਵੀਅਤਨਾਮ,ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ ਅਤੇ ਭਾਰਤ ਆ ਰਹੀਆਂ ਹਨ।

ਆਪਣੀ ਇਸ ਖਿੱਝ ਨੂੰ ਮਿਟਾਉਣ ਲਈ ਸੀ. ਪੀ. ਸੀ. ਨੇ ਅਜਿਹਾ ਕੰਮ ਕੀਤਾ ਹੈ ਜਿਸ ਨਾਲ ਨਾ ਸਿਰਫ ਚੀਨ ਦੇ ਅੰਦਰ ਸਗੋਂ ਵਿਦੇਸ਼ਾਂ ’ਚ ਵੀ ਚੀਨ ਦੀ ਬੁਰਾਈ ਹੋ ਰਹੀ ਹੈ। ਚੀਨ ਨੇ ਕਮਿਊਨਿਸਟ ਪਾਰਟੀ ਦੇ ਇਸ਼ਾਰੇ ’ਤੇ ਚੀਨ ’ਚ ਐਪਲ ਫੋਨ ’ਤੇ ਪਾਬੰਦੀ ਲਾ ਦਿੱਤੀ ਹੈ ਜਿਸਦਾ ਅਸਰ ਸਿਰਫ ਤਿੰਨ ਦਿਨਾਂ ਦੇ ਅੰਦਰ ਹੀ ਐਪਲ ਕੰਪਨੀ ਨੂੰ ਦੇਖਣ ਨੂੰ ਮਿਲਿਆ, ਮਹਿਜ਼ ਇਨ੍ਹਾਂ ਤਿੰਨ ਦਿਨਾਂ ’ਚ ਹੀ ਐਪਲ ਕੰਪਨੀ ਨੂੰ 20 ਹਜ਼ਾਰ ਕਰੋੜ ਡਾਲਰ ਦਾ ਨੁਕਸਾਨ ਹੋ ਗਿਆ ਹੈ।

ਦਰਅਸਲ ਚੀਨ ਦੀ ਸਰਕਾਰ ਨੇ ਆਪਣੇ ਉੱਚੇ ਅਹੁਦਿਆਂ ’ਤੇ ਬੈਠੇ ਆਗੂਆਂ ਦੇ ਲਈ ਇਕ ਫਰਮਾਨ ਜਾਰੀ ਕੀਤਾ। ਅਹਿਮ ਬੈਠਕਾਂ ’ਚ ਨੇਤਾ ਐਪਲ ਕੰਪਨੀ ਦੇ ਮੋਬਾਇਲ ਫੋਨ ਨਹੀਂ ਲਿਆ ਸਕਣਗੇ ਅਤੇ ਬੈਠਕਾਂ ਦੌਰਾਨ ਫੋਨ ਨੂੰ ਦੇਖਣਾ ਅਤੇ ਉਸ ’ਤੇ ਸੰਦੇਸ਼ ਭੇਜਣ ਵਰਗਾ ਕੰਮ ਨਹੀਂ ਕਰ ਸਕਣਗੇ। ਇਸ ਫਰਮਾਨ ਦੇ ਕੁੱਝ ਹੀ ਘੰਟਿਆਂ ਬਾਅਦ ਚੀਨ ਸਰਕਾਰ ਨੇ ਅਗਲਾ ਫਰਮਾਨ ਜਾਰੀ ਕੀਤਾ ਜੋ ਕਮਿਊਨਿਸਟ ਆਗੂਆਂ ਦੇ ਇਲਾਵਾ ਚੀਨ ਦੇ ਸਾਰੇ ਸਰਕਾਰੀ ਅਫਸਰਾਂ ’ਤੇ ਲਾਗੂ ਕੀਤਾ ਗਿਆ ਅਤੇ ਉਨ੍ਹਾਂ ਨੂੰ ਵੀ ਇਹ ਆਦੇਸ਼ ਦਿੱਤਾ ਗਿਆ ਕਿ ਉਹ ਕਿਸੇ ਵੀ ਬੈਠਕ ’ਚ ਜਾਂ ਦਫਤਰ ’ਚ ਐਪਲ ਦਾ ਫੋਨ ਨਹੀਂ ਲਿਆ ਸਕਣਗੇ।

ਇਨ੍ਹਾਂ ਅਧਿਕਾਰੀਆਂ ’ਤੇ ਵੀ ਆਈ ਫੋਨ ਰੱਖਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਪਰ ਲੱਗਦਾ ਹੈ ਕਿ ਚੀਨ ਸਰਕਾਰ ਦਾ ਮਨ ਇੰਨੇ ਨਾਲ ਨਹੀਂ ਭਰਿਆ, ਇਸ ਲਈ ਸੀ. ਪੀ. ਸੀ. ਨੇ ਇਸਦੇ ਕੁੱਝ ਹੀ ਘੰਟਿਆਂ ਪਿੱਛੋਂ ਇਕ ਹੋਰ ਫਰਮਾਨ ਜਾਰੀ ਕੀਤਾ ਕਿ ਸਿਰਫ ਸਰਕਾਰੀ ਅਧਿਕਾਰੀ ਹੀ ਨਹੀਂ ਸਗੋਂ ਹੁਣ ਸਰਕਾਰੀ ਕਰਮਚਾਰੀ ਵੀ ਐਪਲ ਦੇ ਫੋਨ ਨਹੀਂ ਰੱਖ ਸਕਣਗੇ ਭਾਵ ਉਨ੍ਹਾਂ ਦੇ ਆਈਫੋਨ ਰੱਖਣ ’ਤੇ ਵੀ ਪਾਬੰਦੀ ਲਾ ਦਿੱਤੀ ਗਈ।

ਚੀਨ ਸਰਕਾਰ ਅਜਿਹਾ ਕਰ ਕੇ ਅਮਰੀਕਾ ਖਿਲਾਫ ਆਪਣੀ ਖਿਝ ਕੱਢ ਰਹੀ ਹੈ ਕਿਉਂਕਿ ਇੰਨੇ ਸਾਲਾਂ ਤੋਂ ਐਪਲ ਫੋਨ ਚੀਨ ’ਚ ਬਣ ਰਿਹਾ ਸੀ, ਿਜਸ ਕਾਰਨ ਚੀਨ ਸਰਕਾਰ ਨੂੰ ਮਾਲੀਏ ’ਚ ਵੱਡਾ ਲਾਭ ਮਿਲ ਰਿਹਾ ਸੀ ਅਤੇ ਹੁਣ ਇਹ ਲਾਭ ਚੀਨ ਦੇ ਸਿਰੇ ਦੇ ਵਿਰੋਧੀ ਦੇਸ਼ ਭਾਰਤ ਨੂੰ ਮਿਲੇਗਾ।

ਦਰਅਸਲ 2 ਸਾਲ ਪਹਿਲਾਂ ਤੋਂ ਹੀ ਐਪਲ ਕੰਪਨੀ ਨੇ ਸੈਮਸੰਗ ਫੋਨ ਦੀ ਰਾਹ ’ਤੇ ਚੱਲਦਿਆਂ ਆਪਣੀ ਬੋਰੀਆ ਬਿਸਤਰਾ ਲਪੇਟਣਾ ਸ਼ੁਰੂ ਕਰ ਦਿੱਤਾ ਸੀ। ਪਿਛਲੇ ਸਾਲ ਤੱਕ ਐਪਲ ਕੰਪਨੀ ਨੇ ਭਾਰਤ ’ਚ ਆਈਫੋਨ 13 ਤੱਕ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਤੋਂ ਵੀ ਪਹਿਲਾਂ ਐਪਲ ਕੰਪਨੀ ਭਾਰਤ ’ਚ ਆਈਫੋਨ 12 ਤੋਂ ਪਹਿਲਾਂ ਦੇ ਮਾਡਲ ਬਣਾਉਣਾ ਸ਼ੁਰੂ ਕਰ ਚੁੱਕੀ ਸੀ ਅਤੇ ਐਪਲ ਫੋਨ ਦੇ ਪੁਰਜ਼ੇ ਵੀ ਭਾਰਤ ’ਚ ਬਣਾਉਣ ਲੱਗੀ ਸੀ ਪਰ ਇਸ ਸਾਲ ਤੋਂ ਭਾਰਤ ’ਚ ਆਈਫੋਨ 14 ਵੀ ਬਣਨ ਲੱਗਾ ਹੈ ਅਤੇ ਚੀਨ ਤੋਂ ਪੂਰੀ ਤਰ੍ਹਾਂ ਐਪਲ ਨੇ ਆਪਣਾ ਕੰਮ ਸਮੇਟ ਲਿਆ ਹੈ।

ਦਰਅਸਲ ਚੀਨ ’ਚ ਕੋਰੋਨਾ ਮਹਾਮਾਰੀ ਪਿੱਛੋਂ ਲੱਗੇ ਸਖਤ ਲਾਕਡਾਊਨ ਹੀ ਕਾਰਨ ਨਹੀਂ ਸਨ ਸਗੋਂ ਉੱਥੇ ਹੁਣ ਉਤਪਾਦਨ ਲਾਗਤ ’ਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ ਅਤੇ ਭਾਰਤ ’ਚ ਅੱਜ ਵੀ ਚੀਨ ਦੀ ਤੁਲਨਾ ’ਚ ਉਤਪਾਦਨ ਲਾਗਤ ਬਹੁਤ ਘੱਟ ਹੈ ਅਤੇ ਗੁਣਵੱਤਾ ਉਸੇ ਪੱਧਰ ਦੀ ਮਿਲ ਰਹੀ ਹੈ। ਇਸ ਲਈ ਨਾ ਸਿਰਫ ਐਪਲ ਸਗੋਂ ਬਾਕੀ ਕੰਪਨੀਆਂ ਵੀ ਚੀਨ ਤੋਂ ਬਾਹਰ ਨਿਕਲ ਕੇ ਅਜਿਹੀਆਂ ਥਾਵਾਂ ’ਤੇ ਜਾ ਰਹੀਆਂ ਹਨ ਜਿੱਥੇ ਉਤਪਾਦਨ ਲਾਗਤ ਬਹੁਤ ਘੱਟ ਹੈ।


Rakesh

Content Editor

Related News