ਕਾਰ ਖਰੀਦਣ ’ਤੇ ਮਿਲੇਗੀ ਬੰਪਰ ਛੋਟ

09/08/2019 12:29:35 AM

ਮੁੰਬਈ - ਕਾਰ, ਦੋਪਹੀਆ ਵਾਹਨ ਅਤੇ ਟਰੱਕ ਨਿਰਮਾਤਾ ਛੇਤੀ ਹੀ ਵਾਹਨਾਂ ਦੀ ਵਿਕਰੀ ’ਚ ਬੰਪਰ ਛੋਟ ਦਾ ਆਫਰ ਲੈ ਸਕਦੇ ਹਨ। ਵਾਹਨ ਉਦਯੋਗ ’ਚ ਮੰਦੀ ਅਤੇ ਸੰਨ 2020 ’ਚ ਵਾਹਨਾਂ ਲਈ ਨਵੇਂ ਸਟੈਂਡਰਡ ਸ਼ੁਰੂ ਹੋਣ ਦੇ ਫੈਸਲੇ ਕਾਰਣ ਸਾਰੀਆਂ ਕੰਪਨੀਆਂ ਪਹਿਲਾਂ ਤੋਂ ਤਿਆਰ ਵਾਹਨਾਂ ਦੀ ਵਿਕਰੀ ਨੂੰ ਵਧਾਉਣ ਲਈ ਇਸ ਤਿਉਹਾਰੀ ਸੀਜ਼ਨ ’ਚ ਭਾਰੀ ਛੋਟ ਦੇਣ ਜਾ ਰਹੀਆਂ ਹਨ। ਇਸ ਸਾਲ ਇਹ ਛੋਟ 20 ਤੋਂ 25 ਫ਼ੀਸਦੀ ਤੱਕ ਹੋਵੇਗੀ।

ਮਾਰੂਤੀ ਕੰਪਨੀ ਆਮ ਤੌਰ ’ਤੇ ਸਭ ਤੋਂ ਘੱਟ ਛੋਟ ਗਾਹਕਾਂ ਨੂੰ ਦਿੰਦੀ ਰਹੀ ਹੈ ਪਰ ਇਸ ਸੀਜ਼ਨ ’ਚ ਉਹ ਵੀ 30,000 ਤੋਂ 1.20 ਲੱਖ ਰੁਪਏ ਤੱਕ ਆਪਣੇ ਵੱਖ-ਵੱਖ ਮਾਡਲਾਂ ’ਤੇ ਛੋਟ ਦੇ ਰਹੀ ਹੈ। ਮਾਰੂਤੀ ਕੰਪਨੀ ਦੇ ਸੇਲਸ ਅਤੇ ਮਾਰਕੀਟਿੰਗ ਡਿਪਾਰਟਮੈਂਟ ਦੇ ਮੁਖੀ ਸ਼ਸ਼ਾਂਕ ਸ਼੍ਰੀਵਾਸਤਵ ਅਨੁਸਾਰ ਬੀ. ਐੱਸ.-4 ਈਂਧਨ ਵਾਲੇ ਇੰਜਣ ਨਾਲ ਬਣੇ ਵਾਹਨਾਂ ’ਤੇ ਇਹ ਛੋਟ ਹੈ। ਹੁੰਡਈ ਕੰਪਨੀ ਅਨੁਸਾਰ ਅਸੀਂ ਅਗਸਤ ਅਤੇ ਸਤੰਬਰ ’ਚ ਜੋ ਆਫਰ ਗਾਹਕਾਂ ਨੂੰ ਦੇ ਰਹੇ ਹਾਂ ਉਹ ਅਕਸਰ ਅਸੀਂ ਦਸੰਬਰ ’ਚ ਦਿੰਦੇ ਹਾਂ। ਟੋਇਟਾ ਕਿਰਲੋਸਕਰ ਆਪਣੇ ਯਾਰਿਸ ਮਾਡਲ ਦੀ ਕਾਰ ’ਤੇ ਢਾਈ ਲੱਖ ਰੁਪਏ ਤੱਕ ਦੀ ਛੋਟ ਦੇ ਰਹੀ ਹੈ। ਇਸੇ ਤਰ੍ਹਾਂ ਹੋਂਡਾ ਕਾਰ ਆਪਣੇ ਵੱਖ-ਵੱਖ ਮਾਡਲ ਦੀਆਂ ਗੱਡੀਆਂ ’ਤੇ 42,000 ਤੋਂ 4 ਲੱਖ ਰੁਪਏ ਤੱਕ ਦੀ ਛੋਟ ਦੇ ਰਹੀ ਹੈ।

ਰੋਨਾਲਟ ਅਤੇ ਨਿਸਾਨ ਆਪਣੀਆਂ ਕਾਰਾਂ ’ਤੇ ਡੇਢ ਲੱਖ ਰੁਪਏ ਤੱਕ ਦੀ ਛੋਟ ਦੇ ਰਹੀਆਂ ਹਨ। ਕਾਰ ਇੰਡਸਟਰੀ ਦੇ ਜਾਣਕਾਰਾਂ ਅਨੁਸਾਰ ਕਾਰ ਕੰਪਨੀਆਂ ਅਗਲੇ ਸਾਲ ਤੱਕ ਬੀ. ਐੱਸ.-4 ਈਂਧਨ ਵਾਲੇ ਆਪਣੇ ਸਾਰੇ ਵਾਹਨਾਂ ਦਾ ਸਟਾਕ ਖਤਮ ਕਰਨਾ ਚਾਹੁੰਦੀਆਂ ਹਨ।


Inder Prajapati

Content Editor

Related News