ਆਪਣੇ ਫੈਨਜ਼ ਲਈ Blackberry ਜਲਦੀ ਲਾਂਚ ਕਰੇਗੀ ਕੀ-ਬੋਰਡ ਸਮਾਰਟਫੋਨ
Friday, Nov 11, 2016 - 03:01 PM (IST)
ਜਲੰਧਰ- ਕੈਨੇਡਾ ਦੀ ਮੋਬਾਇਲ ਹੈਂਡਸੈੱਟ ਨਿਰਮਾਤਾ ਕੰਪਨੀ ਬਲੈਕਬੇਰੀ ਨੇ ਫਿਜ਼ੀਕਲ ਕੀ-ਬੋਰਡ ਸਮਾਰਟਫੋਨ ਦੇ ਦੀਵਾਨਿਆਂ ਲਈ ਇਕ ਵਾਰ ਫਿਰ ਨਵਾਂ ਫੋਨ ਲਾਂਚ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਆਪਣੇ ਫੈਨਜ਼ ਲਈ ਇਹ ਇਕ ਆਖਰੀ ਤੋਹਫਾ ਦਿੱਤਾ ਹੈ।
ਮੁੱਖ ਕਾਰਜਕਾਰੀ ਅਧਿਕਾਰੀ ਜਾਨ ਚੇਨ ਨੇ ਇਸ ਬਾਰੇ ਸਤੰਬਰ ''ਚ ਸੰਕੇਤ ਦਿੱਤਾ ਸੀ ਪਰ ਵੀਰਵਾਰ ਤਕ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਸੀ। ਹੁਣ ਐਮਿਲੀ ਚੈਂਗ ਨੇ ਬਲੂਮਬਰਗ ਨੂੰ ਦਿੱਤ ਇਕ ਇੰਟਰਵਿਊ ''ਚ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਚਨ ਨੇ ਕਿਹਾ ਕਿ ਮੈਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੇ ਕੋਲ ਇਕ ਕੀ-ਬੋਰਡ ਫੋਨ ਹੈ, ਜਲਦੀ ਹੀ ਇਹ ਲਾਂਚ ਹੋਵੇਗਾ।
ਇਸ ਤੋਂ ਪਹਿਲਾਂ ਬਲੈਕਬੇਰੀ ਨੇ ਸਮਾਰਟਫੋਨ ਤੋਂ ਸਾਫਟਵੇਅਰ ਬਣਾਉਣ ਵਲ ਧਿਆਨ ਦੇਣ ਦਾ ਫੈਸਲਾ ਲਿਆ ਸੀ ਅਤੇ ਸਤੰਬਰ ''ਚ ਆਪਣਾ ਸਮਾਰਟਫੋਨ ਦਾ ਉਤਪਾਦਨ, ਸਟਾਕ ਅਤੇ ਡਿਸਟ੍ਰੀਬਿਊਸ਼ਨ ਬੰਦ ਕਰਨ ਦਾ ਫੈਸਲਾ ਕੀਤਾ ਸੀ। ਇਸ ਕਾਰਨ ਕੰਪਨੀ ਦੂਜੀਆਂ ਕੰਪਨੀਆਂ ਨੂੰ ਆਪਣੇ ਸਮਾਰਟਫੋਨ ਲਈ ਬਲੈਕਬੇਰੀ ਬ੍ਰਾਂਡ ਦੀ ਵਰਤੋਂ ਕਰਨ ਲਈ ਲਾਈਸੰਸਸ ਦੇਵੇਗੀ। ਫਿਜ਼ੀਕਲ ਕੀ-ਬੋਰਡ ਬਲੈਕਬੇਰੀ ਦੇ ਸਮਾਰਟਫੋਨ ਦਾ ਸਭ ਤੋਂ ਖਾਸ ਫੀਚਰ ਰਿਹਾ ਹੈ। ਅਜੇ ਵੀ ਬਲੈਕਬੇਰੀ ਦੇ ਇਸ ਫਿਜ਼ੀਕਲ ਕੀ-ਬੋਰਡ ਦੇ ਕਈ ਫੈਨਜ਼ ਹਨ।
