ਏਅਰਟੈੱਲ ਨੇ ਦੇਸ਼ ਦੇ ਕਲਾਊਡ ਸੰਚਾਰ ਬਾਜ਼ਾਰ ’ਚ ਕਦਮ ਰੱਖਿਆ, ਜਾਣੋ ਕੀ ਹੋਣਗੇ ਫਾਇਦੇ

Tuesday, Oct 27, 2020 - 12:53 PM (IST)

ਏਅਰਟੈੱਲ ਨੇ ਦੇਸ਼ ਦੇ ਕਲਾਊਡ ਸੰਚਾਰ ਬਾਜ਼ਾਰ ’ਚ ਕਦਮ ਰੱਖਿਆ, ਜਾਣੋ ਕੀ ਹੋਣਗੇ ਫਾਇਦੇ

ਨਵੀਂ ਦਿੱਲੀ– ਦੇਸ਼ ’ਚ ਦੂਰਸੰਚਾਰ ਖੇਤਰ ਦੀ ਪ੍ਰਮੁੱਖ ਕੰਪਨੀ ਭਾਰਤੀ ਏਅਰਟੈੱਲ (ਏਅਰਟੈੱਲ) ਨੇ ‘ਏਅਰਟੈੱਲ ਆਈ. ਕਿਊ.’ ਨਾਂ ਦੀ ਆਪਣੀ ਇਕ ਨਵੀਂ ਸੇਵਾ ਨਾਲ ਭਾਰਤ ’ਚ ਤੇਜ਼ੀ ਨਾਲ ਵਧਦੇ ਕਲਾਊਡ ਸੰਚਾਰ ਬਾਜ਼ਾਰ ’ਚ ਕਦਮ ਰੱਖਿਆ। ਕੰਪਨੀ ਦੇ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਵੀਡੀਓ ਕਾਨਫਰੰਸ ’ਚ ਦੱਸਿਆ ਕਿ ਇਸ ਕਲਾਊਡ ਆਧਾਰਿਤ ਓਮਨੀ-ਚੈਨਲ ਸੰਚਾਰ ਪਲੇਟਫਾਰਮ ਏਅਰਟੈੱਲ ਆਈ. ਕਿਊ. ਨਾਲ ਕੰਪਨੀਆਂ ਨੂੰ ਸਮੇਂ ਸਿਰ ਅਤੇ ਸੁਰੱਖਿਅਤ ਸੰਚਾਰ ਰਾਹੀਂ ਗਾਹਕਾਂ ਨਾਲ ਸਬੰਧ ਬਣਾਉਣ ’ਚ ਮਦਦ ਮਿਲੇਗੀ। ਕੰਪਨੀ ਨੇ ਇਸ ਨੂੰ ਦੇਸ਼ ’ਚ ਤੇਜ਼ੀ ਨਾਲ ਵਧਦੇ ਐਂਟਰਪ੍ਰਾਈਜ਼ ਸੰਚਾਰ ਬਾਜ਼ਾਰ ’ਚ ਉਲਟ-ਫੇਰ ਕਰਨ ਵਾਲਾ ਉਤਪਾਦ ਦੱਸਦੇ ਹੋਏ ਕਿਹਾ ਕਿ ਕਲਾਊਡ ਸੰਚਾਰ ਦਾ ਬਾਜ਼ਾਰ ਇਕ ਅਰਬ ਡਾਲਰ (73 ਅਰਬ ਰੁਪਏ ਤੋਂ ਵੱਧ) ਦਾ ਹੋ ਗਿਆ ਹੈ। ਇਸ ’ਚ ਸਾਲ-ਦਰ-ਸਾਲ 20 ਫੀਸਦੀ ਦੀ ਦਰ ਨਾਲ ਵਾਧਾ ਹੋ ਰਿਹਾ ਹੈ।

ਕੰਪਨੀ ਦਾ ਕਹਿਣਾ ਹੈ ਕਿ ਏਅਰਟੈੱਲ ਆਈ. ਕਿਊ. ਦੀਆਂ ਸੇਵਾਵਾਂ ਨੂੰ ਅਪਣਾਉਣ ਨਾਲ ਉੱਦਮੀਆਂ ਨੂੰ ਆਪਣੇ ਵੱਖ-ਵੱਖ ਚੈਨਲਾਂ ਲਈ ਵੱਖ-ਵੱਖ ਸੰਚਾਰ-ਮੰਚ ਦੀ ਲੋੜ ਨਹੀਂ ਰਹੇਗੀ। ਅਧਿਕਾਰੀਆਂ ਨੇ ਕਿਹਾ ਕਿ ਇਸ ’ਚ ਸਿਰਫ ਇਕ ਕੋਡ ਦੇ ਨਾਲ ਸੰਚਾਰ ਸੇਵਾਵਾਂ ਜਿਵੇਂ ਵਾਇਸ, ਐੱਸ. ਐੱਮ. ਐੱਸ., ਆਈ. ਵੀ. ਆਰ. ਨੂੰ ਸੰਚਾਲਿਤ ਕੀਤਾ ਜਾ ਸਕਦਾ ਹੈ ਅਤੇ ਇਹ ਇਕ ਏਕੀਕ੍ਰਿਤ ਪਲੇਟ੍ਰਾਮ ਰਾਹੀਂ ਡੈਸਕਟਾਪ ਅਤੇ ਮੋਬਾਈਲ ’ਤੇ ਡਿਜ਼ੀਟਲ ਲੈਣ-ਦੇਣ ਸੌਖਾਲਾ ਬਣਾਉਂਦਾ ਹੈ। ਉਸ ਦਾ ਕਹਿਣਾ ਹੈ ਕਿ ਸਵਿੱਗੀ, ਜਸਟਡਾਇਲ, ਅਰਬਨ ਕੰਪਨੀ, ਹਾਵੈਲਸ, ਡਾ. ਲਾਲ ਪੈਥ ਲੈਬਸ ਅਤੇ ਰੈਪਿਡੋ ਵਰਗੀਆਂ ਕੰਪਨੀਆਂ ਇਸ ਦੀ ਵਰਤੋਂ ਕਰ ਰਹੀਆਂ ਹਨ। ਇਸ ਸੇਵਾ ਦੀ ਲਾਗਤ ਕੰਪਨੀਆਂ ਵਲੋਂ ਇਸ ਦੇ ਖਪਤ ਦੇ ਪੱਧਰ ’ਤੇ ਨਿਰਭਰ ਕਰੇਗੀ। ਭਾਰਤੀ ਏਅਰਟੈੱਲ ਦੇ ਮੁੱਖ ਉਤਪਾਦ ਅਧਿਕਾਰੀ ਆਦਰਸ਼ ਨਾਇਰ ਨੇ ਕਿਹਾ ਕਿ ਏਅਰਟੈੱਲ ’ਚ ਸਾਨੂੰ ਗਾਹਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਧੁਨ ਰਹਿੰਦੀ ਹੈ ਅਤੇ ਏਅਰਟੈੱਲ ਆਈ. ਕਿਊ. ਪਾਸਾ ਪਲਟਣ ਵਾਲੇ ਉਤਪਾਦਾਂ ’ਚ ਹੈ।


author

Rakesh

Content Editor

Related News