ਵਾਹਨ ਉਦਯੋਗ ''ਚ ਪਰਤੀ ਬਹਾਰ

Saturday, Mar 11, 2017 - 12:20 PM (IST)

ਵਾਹਨ ਉਦਯੋਗ ''ਚ ਪਰਤੀ ਬਹਾਰ

ਜਲੰਧਰ- ਦੇਸ਼ ਦੇ ਵਾਹਨ ਉਦਯੋਗ ''ਚ ਨੋਟਬੰਦੀ ਤੋਂ ਬਾਅਦ ਬਹਾਰ ਪਰਤ ਆਈ ਹੈ। ਲਗਾਤਾਰ 3 ਮਹੀਨਿਆਂ ਦੀ ਗਿਰਾਵਟ ਤੋਂ ਬਾਅਦ ਪਿਛਲੇ ਮਹੀਨੇ ਦੇਸ਼ ''ਚ ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਦੀ ਕੁਲ ਵਿਕਰੀ 0.94 ਫ਼ੀਸਦੀ ਵਧ ਕੇ 17,19,699 ''ਤੇ ਪਹੁੰਚ ਗਈ। ਪਿਛਲੇ ਸਾਲ ਫਰਵਰੀ ''ਚ ਘਰੇਲੂ ਬਾਜ਼ਾਰ ''ਚ 17,03,736 ਵਾਹਨ ਵਿਕੇ ਸਨ। ਪਿਛਲੇ ਸਾਲ 8 ਨਵੰਬਰ ਨੂੰ ਸਰਕਾਰ ਦੁਆਰਾ 500 ਰੁਪਏ ਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਪ੍ਰਚਲਨ ਤੋਂ ਬਾਹਰ ਕਰ ਦਿੱਤੇ ਜਾਣ ਤੋਂ ਬਾਅਦ ਨਵੰਬਰ ''ਚ ਵਾਹਨਾਂ ਦੀ ਘਰੇਲੂ ਵਿਕਰੀ 5.48 ਫ਼ੀਸਦੀ, ਦਸੰਬਰ ''ਚ 18.66 ਫ਼ੀਸਦੀ ਤੇ ਜਨਵਰੀ ''ਚ 4.71 ਫ਼ੀਸਦੀ ਡਿੱਗੀ ਸੀ ।

4 ਮਹੀਨਿਆਂ ''ਚ ਵਧੀ ਵਿਕਰੀ
ਵਾਹਨ ਨਿਰਮਾਤਾ ਕੰਪਨੀਆਂ ਦੇ ਸੰਗਠਨ ਸਿਆਮ ਦੇ ਮਹਾਨਿਰਦੇਸ਼ਕ ਵਿਸ਼ਣੂ ਮਾਥੁਰ ਨੇ ਅੱਜ ਇੱਥੇ ਵਿਕਰੀ ਦੇ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਯਾਤਰੀ ਵਾਹਨਾਂ ਅਤੇ ਕਮਰਸ਼ੀਅਲ ਵਾਹਨਾਂ ਦੀ ਵਿਕਰੀ ''ਚ 4 ਮਹੀਨੇ ''ਚ ਪਹਿਲੀ ਵਾਰ ਫਰਵਰੀ ''ਚ ਸਥਿਰ ਸੁਧਾਰ ਰਿਹਾ ਹੈ। ਦੋਪਹੀਆ ਵਾਹਨਾਂ ਦੀ ਵਿਕਰੀ ''ਚ ਵੀ ਗਿਰਾਵਟ ਬੇਹੱਦ ਮਾਮੂਲੀ (0.01 ਫ਼ੀਸਦੀ) ਰਹਿ ਗਈ ਹੈ। ਹਾਲਾਂਕਿ, ਤਿਪਹੀਆ ਵਾਹਨਾਂ ''ਚ ਅਜੇ ਵੀ ਵੱਡੀ ਗਿਰਾਵਟ ਬਣੀ ਹੋਈ ਹੈ।

ਅੰਕੜਿਆਂ ਅਨੁਸਾਰ ਇਸ ਸਾਲ ਫਰਵਰੀ ''ਚ ਘਰੇਲੂ ਬਾਜ਼ਾਰ ''ਚ ਕੁਲ 2,55,359 ਵਾਹਨ ਵਿਕੇ ਜੋ ਪਿਛਲੇ ਸਾਲ ਫਰਵਰੀ ਦੇ 2,34,244 ਤੋਂ 9.01 ਫ਼ੀਸਦੀ ਜ਼ਿਆਦਾ ਹਨ। ਇਸ ''ਚ ਯਾਤਰੀ ਕਾਰਾਂ ਦੀ ਵਿਕਰੀ 4.90 ਫ਼ੀਸਦੀ ਵਧ ਕੇ 1,72,623 ''ਤੇ, ਐੱਸ. ਯੂ. ਵੀ. ਸਮੇਤ ਲਾਭਦਾਇਕ ਵਾਹਨਾਂ ਦੀ ਵਿਕਰੀ 21.79 ਫ਼ੀਸਦੀ ਵਧ ਕੇ 65,877 ''ਤੇ ਅਤੇ ਵੈਨਾਂ ਦੀ ਵਿਕਰੀ 8.10 ਫ਼ੀਸਦੀ ਵਧ ਕੇ 16,859 ''ਤੇ ਪਹੁੰਚ ਗਈ।


ਦੋਪਹੀਆਂ ਵਾਹਨਾਂ ਦੀ ਵਿਕਰੀ ''ਚ ਮਾਮੂਲੀ ਗਿਰਾਵਟ
ਮੋਟਰਸਾਈਕਲਾਂ ਦੀ ਵਿਕਰੀ ਘਟਣ ਨਾਲ ਇਸ ਸਾਲ ਫਰਵਰੀ ''ਚ ਦੋਪਹੀਆ ਵਾਹਨਾਂ ਦੀ ਵਿਕਰੀ 0.01 ਫ਼ੀਸਦੀ ਦੀ ਮਾਮੂਲੀ ਗਿਰਾਵਟ ਦੇ ਨਾਲ 13,62,045 ਇਕਾਈ ਰਹਿ ਗਈ। ਫਰਵਰੀ 2016 ''ਚ ਇਹ ਅੰਕੜਾ 13,62,177 ਰਿਹਾ ਸੀ। ਮੋਟਰਸਾਈਕਲਾਂ ਦੀ ਵਿਕਰੀ ਲਗਾਤਾਰ ਚੌਥੇ ਮਹੀਨੇ ਘਟੀ ਹੈ। ਹਾਲਾਂਕਿ, ਦਸੰਬਰ ''ਚ 22.50 ਫਿਸਲਣ ਤੋਂ ਬਾਅਦ ਜਨਵਰੀ ''ਚ ਇਸ ਦੀ ਗਿਰਾਵਟ ਘੱਟ ਕੇ 6.07 ਫ਼ੀਸਦੀ ਅਤੇ ਫਰਵਰੀ ''ਚ 3.13 ਫ਼ੀਸਦੀ ਰਹਿ ਗਈ।  ਸ਼੍ਰੀ ਮਾਥੁਰ ਨੇ ਕਿਹਾ ਕਿ ਪੇਂਡੂ ਅਰਥਵਿਵਸਥਾ ਅਜੇ ਨੋਟਬੰਦੀ ਦੀ ਸੱਟ ਤੋਂ ਪੂਰੀ ਤਰ੍ਹਾਂ ਨਹੀਂ ਨਿਕਲ ਸਕੀ ਹੈ, ਜਿਸ ਦੇ ਨਾਲ ਮੋਟਰਸਾਈਕਲਾਂ ਦੀ ਵਿਕਰੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅਗਲੇ ਦੋ-ਤਿੰਨ ਮਹੀਨਿਆਂ ''ਚ ਪੂਰਾ ਵਾਹਨ ਉਦਯੋਗ ਨੋਟਬੰਦੀ ਦੇ ਅਸਰ ਤੋਂ ਪੂਰੀ ਤਰ੍ਹਾਂ ਨਿਕਲ ਜਾਵੇਗਾ । ਹਾਲਾਂਕਿ, ਲਗਾਤਾਰ ਤਿੰਨ ਮਹੀਨੇ ਘਟਣ ਤੋਂ ਬਾਅਦ ਸਕੂਟਰਾਂ ਦੀ ਵਿਕਰੀ ਵੀ 3.70 ਫ਼ੀਸਦੀ ਵਧ ਗਈ ਹੈ। ਉਥੇ ਹੀ, ਮੋਪੇਡ ਦੀ ਵਿਕਰੀ 15.99 ਫ਼ੀਸਦੀ ਵਧ ਕੇ 77,053 ਇਕਾਈ ''ਤੇ ਰਹੀ

ਬੱਸਾਂ ਨੂੰ ਛੱਡ ਕੇ ਹੋਰ ਵਪਾਰਕ ਵਾਹਨਾਂ ਦੀ ਵਿਕਰੀ ਵਧੀ

ਬੀਤੇ ਮਹੀਨੇ ''ਚ ਬੱਸਾਂ ਨੂੰ ਛੱਡ ਕੇ ਹੋਰ ਕਮਰਸ਼ੀਅਲ ਵਾਹਨਾਂ ਦੀ ਵਿਕਰੀ ਵਧੀ ਹੈ। ਬੱਸਾਂ ''ਚ ਜਿੱਥੇ 5 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਉਥੇ ਹੀ ਮਾਲ ਢੁਆਈ ਵਾਲੇ ਹੈਵੀ ਅਤੇ ਲਾਈਟ ਕਮਰਸ਼ੀਅਲ ਵਾਹਨਾਂ ਦੀ ਵਿਕਰੀ 6.78 ਫ਼ੀਸਦੀ ਵਧੀ ਹੈ। ਹਲਕੇ ਕਮਰਸ਼ੀਅਲ ਵਾਹਨਾਂ ਦੀ ਵਿਕਰੀ ਵੀ 9.38 ਫ਼ੀਸਦੀ ਵਧੀ ਹੈ। ਦੋਵਾਂ ਸ਼੍ਰੇਣੀਆਂ ਦੇ ਕਮਰਸ਼ੀਅਲ ਵਾਹਨਾਂ ਦੀ ਸਾਂਝੀ ਘਰੇਲੂ ਵਿਕਰੀ 7.34 ਫ਼ੀਸਦੀ ਵਧ ਕੇ 66,939 ਇਕਾਈ ''ਤੇ ਪਹੁੰਚ ਗਈ। 

ਤਿਪਹੀਆ ਵਾਹਨਾਂ ''ਤੇ ਦਬਾਅ ਰਿਹਾ ਅਤੇ ਉਨ੍ਹਾਂ ਦੀ ਵਿਕਰੀ 21.35 ਫ਼ੀਸਦੀ ਡਿੱਗ ਕੇ 35,356 ਇਕਾਈ ਰਹਿ ਗਈ। ਸਾਰੀਆਂ ਸ਼੍ਰੇਣੀਆਂ ਦੇ ਸਾਰੇ ਵਾਹਨਾਂ ਦੀ ਕੁਲ ਬਰਾਮਦ ''ਚ 20 ਮਹੀਨਿਆਂ ਦੀ ਸਭ ਤੋਂ ਵੱਡੀ ਤੇਜ਼ੀ ਦਰਜ ਕੀਤੀ ਗਈ ਹੈ।


Related News