ਐਪਲ ਨੇ ਆਈਫੋਨ ਸਾਫਟਵੇਅਰ ’ਚ ਨਵੇਂ ਐਂਟੀ-ਸਰਵੀਲੈਂਸ ਟੂਲ ਨੂੰ ਲਾਗੂ ਕਰਨ ਦੀ ਯੋਜਨਾ ਟਾਲੀ
Saturday, Sep 05, 2020 - 01:00 PM (IST)
ਗੈਜੇਟ ਡੈਸਕ– ਐਪਲ ਨੇ ਆਪਣੇ ਆਈਫੋਨ ਆਪ੍ਰੇਟਿੰਗ ਸਿਸਟਮ (ਆਈ.ਓ.ਐੱਸ.) ਦੇ ਅਗਲੇ ਐਡੀਸ਼ਨ ’ਚ ਨਵੇਂ ਐਂਟੀ-ਸਰਵੀਲੈਂਸ ਟੂਲ ਨੂੰ ਲਾਗੂ ਕਰਨ ਦੀ ਯੋਜਨਾ ਨੂੰ ਟਾਲ ਦਿੱਤਾ ਹੈ। ਇਸ ਫੀਚਰ ਦੇ ਕਾਰਣ ਐਪ ਬਣਾਉਣ ਵਾਲਿਆਂ ਲਈ ਡਿਜੀਟਲ ਵਿਗਿਆਪਨ ਵੇਚਣ ਦੇ ਇਰਾਦੇ ਨਾਲ ਲੋਕਾਂ ਦੀ ਆਨਲਾਈਨ ਨਿਗਰਾਨੀ ਕਰਨਾ ਵੱਧ ਔਖਾ ਹੋ ਜਾਏਗਾ। ਇਹ ਫੈਸਲਾ ਵੀਰਵਾਰ ਨੂੰ ਲਿਆ ਗਿਆ, ਜਿਸ ਨਾਲ ਆਈ. ਓ. ਐੱਸ. 14 ਪ੍ਰਭਾਵਿਤ ਹੋਵੇਗਾ।
ਅਨੁਮਾਨ ਹੈ ਕਿ ਇਸ ਮਹੀਨੇ ਦੇ ਅਖੀਰ ਤੱਕ ਇਕ ਅਰਬ ਆਈਫੋਨ ਖਪਤਕਾਰਾਂ ਲਈ ਇਹ ਆਪ੍ਰੇਟਿੰਗ ਸਿਸਟਮ ਮੁਫਤ ਸਾਫਟਵੇਅਰ ਅਪਗ੍ਰੇਡ ਦੇ ਰੂਪ ’ਚ ਉਪਲਬਧ ਹੋਵੇਗਾ। ਐਪਲ ਦਾ ਇਰਾਦਾ ਸੀ ਕਿ ਆਈ. ਓ. ਐੱਸ. 14 ਆਪਣੇ-ਆਪ ਨਿਗਰਾਨੀ ਨੂੰ ਬੰਦ ਕਰ ਦੇਵੇਗਾ ਪਰ ਕੰਪਨੀ ਨੇ ਹੁਣ ਕਿਹਾ ਕਿ ਇਸ ਟੂਲ ਨੂੰ ਅਗਲੇ ਸਾਲ ਦੀ ਸ਼ੁਰੂਆਤ ਤੱਕ ਰੋਕ ਕੇ ਰੱਖਿਆ ਜਾਏਗਾ। ਇਹ ਸੁਰੱਖਿਆ ਉਪਾਅ ਆਈਪੈਡ ਅਤੇ ਐਪਲ ਟੀ. ਵੀ. ਦੇ ਅਗਲੇ ਆਪ੍ਰੇਟਿੰਗ ਸਿਸਮਟ ਲਈ ਵੀ ਕੀਤੇ ਜਾਣੇ ਸਨ। ਇਸ ਫੀਚਰ ਦੀ ਵਰਤੋਂ ਕਰਨ ’ਤੇ ਐਪ ਨੂੰ ਖਪਤਕਾਰਾਂ ਦੇ ਅੰਕੜਿਆਂ ਨੂੰ ਜਮ੍ਹਾ ਕਰਨ ਅਤੇ ਸਾਂਝਾ ਕਰਨ ਤੋਂ ਪਹਿਲਾਂ ਉਸ ਦੀ ਇਜਾਜ਼ਤ ਲੈਣੀ ਜ਼ਰੂਰੀ ਹੋਵੇਗੀ।