Android 14 ਦੇ ਨਾਲ ਮਿਲਣਗੇ ਕਈ ਸ਼ਾਨਦਾਰ ਫੀਚਰਜ਼, ਹਾਈਟੈੱਕ ਸਕਿਓਰਿਟੀ ਨਾਲ ਹੋਵੇਗਾ ਲੈਸ
Friday, Mar 10, 2023 - 02:35 PM (IST)

ਗੈਜੇਟ ਡੈਸਕ- ਅਮਰੀਕੀ ਟੈੱਕ ਦਿੱਗਜ ਗੂਗਲ ਨੇ ਪਿਛਲੇ ਮਹੀਨੇ ਐਂਡਰਾਇਡ 14 ਦਾ ਪਹਿਲਾ ਡਿਵੈਲਪਰ ਪ੍ਰੀਵਿਊ ਜਾਰੀ ਕੀਤਾ ਸੀ ਅਤੇ ਹੁਣ ਕੰਪਨੀ ਨੇ ਦੂਜੇ ਡਿਵੈਲਪਰ ਪ੍ਰੀਵਿਊ ਨੂੰ ਜਾਰੀ ਕਰ ਦਿੱਤਾ ਹੈ। ਨਵੇਂ ਐਂਡਰਾਇਡ ਨੂੰ ਬਿਹਤਰ ਸਕਿਓਰਿਟੀ ਪ੍ਰਾਈਵੇਸੀ ਅਤੇ ਪਰਫਾਰਮੈਂਸ ਵਰਗੀਆਂ ਸੁਵਿਧਾਵਾਂ ਨਾਲ ਲੈਸ ਕੀਤਾ ਗਿਆ ਹੈ। ਉੱਥੇ ਹੀ ਕੰਪਨੀ ਐਂਡਰਾਇਡ 14 ਦੇ ਨਾਲ ਕਈ ਨਵੇਂ ਫੀਚਰਜ਼ ਨੂੰ ਸ਼ਾਮਲ ਕਰਨ ਵਾਲੀ ਹੈ, ਜਿਨ੍ਹਾਂ ਦੀ ਮੰਗ ਕਾਫੀ ਪਹਿਲਾਂ ਤੋਂ ਕੀਤੀ ਜਾ ਰਹੀ ਸੀ। ਹਾਲਾਂਕਿ, ਅਜੇ ਤਕ ਐਂਡਰਾਇਡ 14 ਦੇ ਸਾਰੇ ਫੀਚਰਜ਼ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵੀਂ ਅਪਡੇਟ ਦੇ ਨਾਲ ਕੰਪਨੀ ਪਾਸ ਕੀਅ (Passkey) ਦੀ ਵਰਤੋਂ ਕਰਕੇ ਸਾਈਨ-ਇਨ ਕਰਨ ਦੀ ਮਨਜ਼ੂਰੀ ਦੇਣ ਵਾਲੀ ਹੈ।
ਅਪ੍ਰੈਲ 'ਚ ਜਾਰੀ ਹੋਵੇਗਾ ਬੀਟਾ ਵਰਜ਼ਨ
ਗੂਗਲ ਦੀ ਅਧਿਕਾਰਤ ਟਾਈਮਲਾਈਨ ਮੁਤਾਬਕ, ਨਵੇਂ ਐਂਡਰਾਇਡ ਨੂੰ ਡਿਵੈਲਪਰ ਪ੍ਰੀਵਿਊ ਤੋਂ ਬਾਅਦ ਅਪ੍ਰੈਲ 'ਚ ਪਹਿਲੀ ਬੀਟਾ ਰਿਲੀਜ਼ ਕੀਤੀ ਜਾਵੇਗੀ, ਇਸ ਤੋਂ ਬਾਅਦ ਦੇ ਮਹੀਨਿਆਂ 'ਚ ਤਿੰਨ ਹੋਰ ਰਿਲੀਜ਼ ਹੋਣਗੀਆਂ। ਦੱਸ ਦੇਈਏ ਕਿ ਐਂਡਰਾਇਡ 14 'ਚ ਕ੍ਰੇਡੈਂਸ਼ੀਅਲ ਮੈਨੇਜਰ ਇਕ ਪਲੇਟਫਾਰਮ ਏ.ਪੀ.ਆਈ. ਹੈ ਅਤੇ ਇਹ ਐਪਸ ਨੂੰ ਪਾਸ ਕੀਅ ਦੀ ਵਰਤੋਂ ਕਰਕੇ ਸਾਈ-ਇਨ ਕਰਨ ਦੀ ਮਨਜ਼ੂਰੀ ਦਿੰਦਾ ਹੈ। ਇਸ ਫੀਚਰ ਨੂੰ ਡਿਵੈਲਪਰ ਪ੍ਰੀਵਿਊ-1 ਦੇ ਫੀਡਬੈਕ ਦੇ ਆਧਾਰ 'ਤੇ ਬਦਲਾਅ ਅਤੇ ਯੂ.ਆਈ. ਸਟਾਈਲਿੰਗ 'ਚ ਸੁਧਾਰ ਕੀਤਾ ਗਿਆ ਹੈ।
ਬੈਕਗ੍ਰਾਊਂਡ ਐਪ ਰਨਿੰਗ 'ਚ ਮਿਲੇਗਾ ਬਦਲਾਅ
ਐਂਡਰਾਇਡ 14 ਦੇ ਨਾਲ ਬੈਕਗ੍ਰਾਊਂਡ ਐਪ ਰਨਿੰਗ 'ਚ ਕਾਫੀ ਬਦਲਾਅ ਕੀਤੇ ਜਾ ਰਹੇ ਹਨ। ਦੂਜੇ ਡਿਵੈਲਪਰ ਪ੍ਰੀਵਿਊ 'ਚ ਐਂਡਰਾਇਡ ਦੇ ਮੈਮਰੀ ਮੈਨੇਜਮੈਂਟ ਸਿਸਟਮ ਦੇ ਆਪਟੀਮਾਈਜੇਸ਼ਨ 'ਤੇ ਧਿਆਨ ਦਿੱਤਾ ਜਾਵੇਗਾ। ਉੱਥੇ ਹੀ ਬੈਕਗ੍ਰਾਊਂਡ ਐਪ ਰਨਿੰਗ ਦੌਰਾਨ ਹੋਰ ਰਿਸੋਰਸ ਦੀ ਵਰਤੋਂ 'ਚ ਸੁਧਾਰ ਕੀਤਾ ਜਾ ਰਿਹਾ ਹੈ। ਐਂਡਰਾਇਡ 14 'ਚ ਪਹਿਲਾਂ ਨਾਲੋਂ ਘੱਟ ਨੋਟੀਫਿਕੇਸ਼ਨ ਮਿਲਣ ਵਾਲੇ ਹਨ। ਨਾਲ ਹੀ ਐਪ ਸਟੋਰ ਦੇ ਏ.ਪੀ.ਆਈ. ਨੂੰ ਵੀ ਬਿਹਤਰ ਕੀਤਾ ਜਾਵੇਗਾ।