ਐਮਰਜੈਂਸੀ ਵੇਲੇ ਫੌਜੀਆਂ ਤਕ 236 ਕਿਲੋ ਸਾਮਾਨ ਪਹੁੰਚਾਏਗਾ AACUS ਹੈਲੀਕਾਪਟਰ

Tuesday, May 22, 2018 - 10:35 AM (IST)

ਐਮਰਜੈਂਸੀ ਵੇਲੇ ਫੌਜੀਆਂ ਤਕ 236 ਕਿਲੋ ਸਾਮਾਨ ਪਹੁੰਚਾਏਗਾ AACUS ਹੈਲੀਕਾਪਟਰ

ਵੇਲੇ ਸਿਰ ਇਲਾਜ ਕਰਨ 'ਚ ਮਿਲੇਗੀ ਮਦਦ
ਜਲੰਧਰ : ਅਮਰੀਕੀ ਏਅਰੋਨਾਟਿਕਸ ਰਿਸਰਚ ਕੰਪਨੀ ਅਯੂਰੋਰਾ ਫਲਾਈਟ ਸਾਇੰਸ ਨੇ LiDAR ਤਕਨੀਕ ਵਾਲਾ ਅਜਿਹਾ ਹੈਲੀਕਾਪਟਰ ਪਹਿਲੀ ਵਾਰ ਦਿਖਾਇਆ ਹੈ, ਜੋ ਐਮਰਜੈਂਸੀ ਵੇਲੇ ਫੌਜੀਆਂ ਤਕ ਜ਼ਰੂਰੀ ਸਾਮਾਨ ਪਹੁੰਚਾਏਗਾ, ਜਿਸ ਨਾਲ ਫੌਜੀਆਂ ਤੇ ਲੋਕਾਂ ਦੀ ਜ਼ਿੰਦਗੀ ਬਚਾਉਣ ਵਿਚ ਕਾਫੀ ਆਸਾਨੀ ਹੋਵੇਗੀ। ਨਵੀਂ ਤਕਨੀਕ 'ਤੇ ਆਧਾਰਤ ਇਸ ਹੈਲੀਕਾਪਟਰ ਨੂੰ AACUS (ਆਟੋਨੋਮਸ ਏਰੀਅਲ ਕਾਰਗੋ/ਯੂਟੀਲਿਟੀ ਸਿਸਟਮ) ਨਾਂ ਦਿੱਤਾ ਗਿਆ ਹੈ, ਜੋ H-1H ਹੈਲੀਕਾਪਟਰ 'ਤੇ ਆਧਾਰਤ ਹੈ।

ਇਸ ਹੈਲੀਕਾਪਟਰ ਨੇ ਪਹਿਲੀ ਵਾਰ ਵਿਚ ਹੀ 236 ਕਿਲੋ ਤਕ ਕਾਰਗੋ ਚੁੱਕ ਕੇ ਟਰੇਨਿੰਗ ਐਕਸਰਸਾਈਜ਼ ਦੌਰਾਨ ਕੀਤਾ ਜਾ ਰਿਹਾ ਕਾਰਗੋ ਮਿਸ਼ਨ ਪੂਰਾ ਕੀਤਾ ਹੈ। ਇਸ ਮਿਸ਼ਨ ਵਿਚ ਈਂਧਨ, ਪਾਣੀ, ਦਵਾਈਆਂ ਤੇ ਇਲਾਜ ਨਾਲ ਜੁੜਿਆ ਸਾਮਾਨ ਅਮਰੀਕੀ ਸੂਬੇ ਕੈਲੀਫੋਰਨੀਆ ਵਿਚ ਅਮਰੀਕੀ ਸਮੁੰਦਰੀ ਫੌਜ ਦਲ ਤਕ ਪਹੁੰਚਾਇਆ ਗਿਆ ਹੈ। ਖਾਸ ਤੌਰ 'ਤੇ ਇਸ ਨੂੰ ਅਮਰੀਕੀ ਹਥਿਆਰਬੰਦ ਫੋਰਸਾਂ ਵਲੋਂ ਖੇਤਰ ਵਿਚ ਫੌਜੀ ਸਹਾਇਤਾ ਪਹੁਚਾਉਣ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਘੱਟ ਤੋਂ ਘੱਟ ਖਤਰੇ ਵਿਚ ਕਰਮਚਾਰੀਆਂ ਤਕ ਸਾਮਾਨ ਪਹੁੰਚਾਇਆ ਜਾ ਸਕੇ।PunjabKesari

ਬਿਨਾਂ ਪਾਇਲਟ ਦੇ ਵੀ ਉਡਾਇਆ ਜਾ ਸਕਦੈ ਹੈਲੀਕਾਪਟਰ
AACUS ਸਿਸਟਮ 'ਤੇ ਆਧਾਰਤ ਇਹ ਹੈਲੀਕਾਪਟਰ ਪੂਰੀ ਤਰ੍ਹਾਂ ਆਟੋਨੋਮਸ ਬਣਾਇਆ ਗਿਆ ਹੈ ਮਤਲਬ ਇਸ ਨੂੰ ਪਾਇਲਟ ਦੇ ਨਾਲ ਅਤੇ ਬਿਨਾਂ ਪਾਇਲਟ ਦੇ ਰਿਮੋਟ ਜਾਂ ਟੈਬਲੇਟ ਰਾਹੀਂ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਇਸ ਵਿਚ LiDAR, ਕੈਮਰੇ ਤੇ ਆਨਬੋਰਡ ਕੰਪਿਊਟਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਿਸਟਮ ਨੂੰ ਐਡਵਾਂਸਡ ਐਲਗੋਰਿਦਮ ਨਾਲ ਤਿਆਰ ਕੀਤਾ ਗਿਆ ਹੈ, ਜੋ ਬਿਨਾਂ ਪਾਇਲਟ ਦੇ ਇਸ ਨੂੰ ਆਸਾਨੀ ਨਾਲ ਉਡਾਨ ਭਰਨ ਅਤੇ ਲੈਂਡ ਕਰਵਾਉਣ ਵਿਚ ਮਦਦ ਕਰਦੀ ਹੈ।PunjabKesari

ਚਲਾਉਣ ਲਈ ਬਸ ਘੱਟੋ-ਘੱਟ ਸਿਖਲਾਈ ਦੀ ਲੋੜ
AACUS ਤਕਨੀਕ ਦੀ ਵਰਤੋਂ ਕਰਨੀ ਕਾਫੀ ਆਸਾਨ ਹੈ ਅਤੇ ਇਸ ਦੇ ਲਈ ਸਿਰਫ ਘੱਟੋ-ਘੱਟ ਸਿਖਲਾਈ ਦੀ ਲੋੜ ਪਵੇਗੀ। ਇਸ ਨੂੰ ਰਿਮੋਟ ਨਾਲ ਆਸਾਨੀ ਨਾਲ ਟੇਕ-ਆਫ ਕਰਨ, ਰਸਤੇ ਦਾ ਪਤਾ ਲਾਉਣ, ਰੁਕਾਵਟਾਂ ਪਾਰ ਕਰਦਿਆਂ ਅੱਗੇ ਵਧਣ ਅਤੇ ਆਨਬੋਰਡ ਸੈਂਸਰਜ਼ ਦੀ ਮਦਦ ਨਾਲ ਲੈਂਡ ਕਰਵਾਉਣ ਵਿਚ ਮਦਦ ਮਿਲਦੀ ਹੈ।

ਹੈਲੀਕਾਪਟਰ ਵਿਚ ਲਾਏ ਗਏ ਸੈਂਸਰਜ਼ : ਇਸ ਹੈਲੀਕਾਪਟਰ ਵਿਚ ਲਾਇਆ ਗਿਆ ਖਾਸ ਸਿਸਟਮ ਸੈਂਸਰਜ਼ ਨਾਲ ਜੋੜਿਆ ਗਿਆ ਹੈ, ਜੋ ਇਹ ਪਤਾ ਲਾਉਂਦੇ ਹਨ ਕਿ ਜਿਸ ਜਗ੍ਹਾ ਹੈਲੀਕਾਪਟਰ ਨੂੰ ਲੈਂਡ ਕਰਵਾਇਆ ਜਾ ਰਿਹਾ ਹੈ, ਉਹ ਜਗ੍ਹਾ ਕਾਫੀ ਹੈ ਵੀ ਜਾਂ ਨਹੀਂ। ਇਸ ਤੋਂ ਇਲਾਵਾ ਸੈਂਸਰਜ਼ ਦੀ ਮਦਦ ਨਾਲ ਨਵਾਂ ਬਦਲ ਲੱਭਣ ਵਿਚ ਵੀ ਮਦਦ ਮਿਲਦੀ ਹੈ। ਇਸ ਨਵੇਂ ਸਿਸਟਮ ਰਾਹੀਂ ਵਰਟੀਕਲ ਫਲਾਈਟ ਟੈਕਨਾਲੋਜੀ ਵਿਚ ਬਿਹਤਰੀਨ ਸੁਧਾਰ ਕਰਨ ਨੂੰ ਲੈ ਕੇ AHS (ਅਮੇਰਿਕਨ ਹੈਲੀਕਾਪਟਰ ਸੋਸਾਇਟੀ) ਨੇ ਹਾਵਰਡ ਹੁਗਹੀਜ਼ ਐਵਾਰਡ ਨਾਲ ਇਸ ਸਿਸਟਮ ਨੂੰ ਨਿਵਾਜਿਆ ਹੈ।

ਬੋਇੰਗ ਦੀ ਮਲਕੀਅਤ ਵਾਲੀ ਕੰਪਨੀ ਅਯੂਰੋਰਾ ਨੇ ਇਸ ਦੀ ਸਿਖਲਾਈ ਪੂਰੀ ਕਰ ਲਈ ਹੈ। ਹੁਣ ਅਮਰੀਕੀ ਸਮੁੰਦਰੀ ਫੌਜ ਦਲ ਇਸ 'ਤੇ ਹੋਰ ਟਰਾਇਲ ਕਰੇਗਾ ਅਤੇ ਇਸ ਨੂੰ ਪੂਰਨ ਤੌਰ 'ਤੇ ਚਲਾਉਣਾ ਸਿੱਖੇਗਾ, ਜਿਸ ਤੋਂ ਬਾਅਦ ਫੌਜ ਇਸ ਨੂੰ ਖਰੀਦਣ ਬਾਰੇ ਸੋਚੇਗੀ। ਇਸ ਨੂੰ ਵੱਡੀ ਪ੍ਰਾਪਤੀ ਕਿਹਾ ਜਾ ਸਕਦਾ ਹੈ ਪਰ ਅਜੇ ਇਸ 'ਤੇ ਪਰਖ ਜਾਰੀ ਹੈ।


Related News