ਹਵਾ ’ਚ ਉੱਡੀ ਸੜਕ ’ਤੇ ਚਲਦੀ ਨਵੀਂ ਟੈਸਲਾ ਮਾਡਲ Y ਦੀ ਛੱਤ, ਨਾਰਾਜ਼ ਗਾਹਕ ਨੇ ਟਵਿੱਟਰ ’ਤੇ ਕੱਢੀ ਭੜਾਸ
Wednesday, Oct 07, 2020 - 05:26 PM (IST)

ਆਟੋ ਡੈਸਕ– ਟੈਸਲਾ ਨੇ ਆਪਣੀਆਂ ਇਲੈਕਟ੍ਰਿਕ ਕਾਰਾਂ ’ਚ ਬਹੁਤ ਸਾਰੇ ਆਧੁਨਿਕ ਫੀਚਰਜ਼ ਦਿੱਤੇ ਹਨ ਪਰ ਇਨ੍ਹਾਂ ਦੀ ਕੁਆਲਿਟੀ ਪਹਿਲਾਂ ਵਰਗੀ ਨਹੀਂ ਰਹੀ। ਕਾਰ ਦੀ ਕੁਆਲਿਟੀ ’ਤੇ ਟੈਸਲਾ ਮਾਡਲ Y ਦੇ ਇਕ ਗਾਹਕ ਨੇ ਸਵਾਲ ਚੁੱਕਿਆ ਹੈ। ਉਸ ਨੇ ਟਵਿਟਰ ’ਤੇ ਐਨਲ ਮਸਕ ਨਾਲ ਨਾਰਾਜ਼ ਜ਼ਾਹਰ ਕੀਤੀ ਹੈ। ਕਾਰ ਦੇ ਮਾਲਕ (ਨਥਾਨੀਏਲ ਚਿਏਨ) ਨੇ ਦੱਸਿਆ ਕਿ ਉਸ ਦੀ ਨਵੀਂ ਟੈਸਲਾ ਮਾਡਲ Y ਜੋ ਕਿ ਕੈਲੀਫੋਰਨੀਆ ਦੇ ਡਬਲਿਨ ਸ਼ੋਅਰੂਮ ਤੋਂ ਖ਼ਰੀਦੀ ਗਈ ਸੀ, ਹਾਈਵੇਅ ’ਤੇ ਚਲਾਉਂਦੇ ਸਮੇਂ ਇਸ ਦੀ ਛੱਤ ਹਵਾ ’ਚ ਉੱਡ ਗਈ।
ਗਾਹਕ ਨੇ ਐਲਨ ਤੋਂ ਪੁੱਛਿਆ ਕਿ ਹੁਣ ਇਹ ਕਨਵਰਟੇਬਲ ਹੋ ਗਈ ਹੈ?
ਇਸ ਘਟਨਾ ਤੋਂ ਨਾਰਾਜ਼ ਗਾਹਕ ਨੇ ਵੀਡੀਓ ਸਾਂਝੀ ਕਰਕੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਐਲਨ ਮਸਕ ਤੁਸੀਂ ਇਹ ਕਿਉਂ ਨਹੀਂ ਦੱਸਿਆ ਕਿ ਮਾਡਲ Y ਕਾਰ ਹੁਣ ਕਨਵਰਟੇਬਲ ਹੋ ਗਈ ਹੈ। ਹਾਈਵੇਅ ’ਤੇ ਕਾਰ ਚਲਾਉਂਦੇ ਸਮੇਂ ਇਸ ਦੀ ਛੱਤ ਹਵਾ ’ਚ ਉੱਡ ਗਈ। ਗਾਹਕ ਨੇ ਅੱਗੇ ਕਿਹਾ ਕਿ ਕਾਰ ਖ਼ਰੀਦਦੇ ਸਮੇਂ ਉਨ੍ਹਾਂ ਨੇ ਵੇਖਿਆ ਸੀ ਕਿ ਇਸ ਦੀ ਵਿੰਡਸਕਰੀਨ ਅਤੇ ਛੱਤ ਵਿਚਕਾਰ ਥੋੜ੍ਹੀ ਜਿਹੀ ਥਾਂ ਖਲ੍ਹੀ ਹੈ। ਸ਼ੋਅਰੂਮ ਵਾਲਿਆਂ ਤੋਂ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਟੈਸਲਾ ਦੀਆਂ ਨਵੀਆਂ ਕਾਰਾਂ ਇੰਝ ਹੀ ਗੈਪ ਨਾਲ ਆ ਰਹੀਆਂ ਹਨ ਅਤੇ ਇਹ ਇਕ ਆਮ ਚੀਜ਼ ਹੈ।
Hey @elonmusk why didn't you tell us that Tesla sells convertibles now? Because the roof of our brand new model Y fell off on the highway pic.twitter.com/s8YNnu7m9L
— Nathaniel (@TheNastyNat) October 5, 2020
ਕਾਰ ਨੂੰ ਹਾਈਵੇਅ ’ਤੇ ਚਲਾਉਂਦੇ ਸਮੇਂ ਹੀ ਉਨ੍ਹਾਂ ਨੂੰ ਲੱਗਾ ਕਿ ਕਿਤੋਂ ਤੇਜ਼ ਹਵਾ ਆ ਰਹੀ ਹੈ ਪਰ ਜਦੋਂ ਉਨ੍ਹਾਂ ਨੇ ਉਪਰ ਵੇਖਿਆ ਤਾਂ ਪਤਾ ਲੱਗਾ ਕਿ ਕਾਰ ਦੀ ਛੱਤ ਉੱਡ ਚੁੱਕੀ ਹੈ। ਇਸ ਤੋਂ ਬਾਅਦ ਉਹ ਕਾਰ ਨੂੰ ਵਾਪਸ ਸ਼ੋਅਰੂਮ ਲੈ ਗਏ ਅਤੇ ਕਾਰ ਵਾਪਸ ਕਰ ਦਿੱਤੀ। ਸ਼ੋਅਰੂਮ ਨੇ ਗਾਹਕ ਦੀ ਕਾਰ ਦੀ ਮੁਰੰਮਤ ਲਈ ਕਾਰ ਆਪਣੇ ਕੋਲ ਰੱਖ ਲਈ ਅਤੇ ਉਸ ਨੂੰ ਇਕ ਕਾਰ ਕਿਰਾਏ ’ਤੇ ਦੇਣ ਦਾ ਪ੍ਰਸਤਾਵ ਦਿੱਤਾ। ਗਾਹਕ ਨੇ ਕਾਰ ਕਿਰਾਏ ’ਤੇ ਲੈਣ ਤੋਂ ਇਨਕਾਰ ਕਰ ਦਿੱਤਾ। ਚੰਗੀ ਗੱਲ ਇਹ ਰਹੀ ਕਿ ਕਾਰ ਦੀ ਛੱਤ ਉੱਡਣ ਨਾਲ ਸੜਕ ’ਤੇ ਚੱਲ ਰਹੀਆਂ ਦੂਜੀਆਂ ਗੱਡੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ।