ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਇਕ ਮੈਂਬਰ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ
Saturday, May 06, 2023 - 06:21 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਦੇ ਨਾਲ ਲੱਗਦੇ ਪਿੰਡ ਸ੍ਰੀ ਵਾਲਾ ਬਰਾੜ ਵਿਖੇ ਪਿੰਡ ਵਾਸੀਆਂ ਵੱਲੋਂ ਮੋਟਰਸਾਇਕਲ ਚੋਰ ਫੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਵਸਨੀਕ ਬੌਬੀ ਨੇ ਦੱਸਿਆ ਕਿ ਉਹ ਕੱਲ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ ਤਾਂ ਇਸ ਦੌਰਾਨ ਸ਼ਾਮ 5 ਵਜੇ ਚਾਰ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ਼ ਬੰਨ੍ਹੇ ਹੋਏ ਸਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਦੇਖਿਆ ਕਿ ਇਕੱਲਾ ਵਿਅਕਤੀ ਖੇਤਾਂ ਵਿਚ ਕੰਮ ਕਰ ਰਿਹਾ ਹੈ ਤੇ ਉਸ ਦਾ ਮੋਟਰਸਾਈਕਲ ਖੜ੍ਹਾ ਹੈ ਤੇ ਮੋਟਰਸਾਈਕਲ ਚੋਰੀ ਕਰਨ ਲਈ ਖੇਤਾਂ ਵੱਲ ਆਏ। ਬੌਬੀ ਵੱਲੋਂ ਤੁਰੰਤ ਪਿੰਡ ਵਾਸੀਆਂ ਨੂੰ ਆਵਾਜ਼ ਲਗਾਈ ਕਿ ਕੁਝ ਵਿਅਕਤੀ ਵਾਰਦਾਤ ਕਰਨ ਲਈ ਆਏ ਹਨ ਜਿਸ ਤੋਂ ਬਾਅਦ ਪਿੰਡ ਵਾਸੀ ਇਕੱਠੇ ਹੋ ਗਏ ਜਿਨ੍ਹਾਂ ਵੱਲੋਂ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਇਨ੍ਹਾਂ ਚਾਰ ਚੋਰਾ ਵਿਚੋਂ ਇੱਕ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਲਿਆ ਤੇ ਤਿੰਨ ਮੌਕੇ ਤੋਂ ਫਰਾਰ ਹੋ ਗਏ।
ਫੜੇ ਗਏ ਚੋਰ ਨੂੰ ਪਿੰਡ ਵਾਸੀਆਂ ਨੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਜਲਾਲਾਬਾਦ ਦਾ ਰਹਿਣ ਵਾਲਾ ਹੈ। ਉਹ ਇਥੇ ਮੋਟਰਸਾਈਕਲ ਚੋਰੀ ਕਰਨ ਆਏ ਸਨ। ਫੜੇ ਗਏ ਲੁਟੇਰੇ ਕੋਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਹੋਏ ਹਨ। ਪਿੰਡ ਵਾਸੀਆਂ ਨੇ ਲੁਟੇਰੇ ਚੋਰ ਨੂੰ ਗੁਰੂਹਰਸਹਾਏ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਸੁਰਜੀਤ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਪਹਿਲਾਂ ਵੀ ਕਈ ਵਾਰਦਾਤਾਂ ਹੋ ਚੁੱਕੀਆਂ ਹਨ ਪ੍ਰੰਤੂ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਫੜੇ ਗਏ ਚੋਰ ਦੇ ਖ਼ਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।