ਬਕੈਣਵਾਲਾ ਪਿੰਡ ਦੇ ‘ਬਵੰਡਰ ਪੀੜਤਾਂ’ ਦੀ ਮਦਦ ਲਈ ਮੁੱਖ ਮੰਤਰੀ ਦਾ ਧੰਨਵਾਦ : ਵਿਧਾਇਕ ਸਵਨਾ
Friday, Apr 14, 2023 - 06:21 PM (IST)
ਅਬੋਹਰ (ਭਾਰਦਵਾਜ) : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਕੈਣਵਾਲਾ ’ਚ ਆਏ ਬਵੰਡਰ ਨਾਲ ਮਾਰਚ ਦੇ ਮਹੀਨੇ ਵਿਚ ਪਿੰਡ ਵਿਚ ਭਾਰੀ ਤਬਾਹੀ ਹੋਈ ਸੀ। ਤੇਜ਼ ਤੂਫ਼ਾਨ ਨੇ ਘਰਾਂ ਦੀਆਂ ਛੱਤਾਂ ਨੂੰ ਉਡਾ ਦਿੱਤਾ, ਨਾਲ ਹੀ 20-20 ਸਾਲ ਪੁਰਾਣੇ ਕਿਨੂੰ ਦੇ ਬਾਗਾਂ ਨੂੰ ਜੜ੍ਹੋਂ ਪੁੱਟ ਦਿੱਤਾ ਸੀ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪਿੰਡ ਦੇ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ ਹਨ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਜਿਨ੍ਹਾਂ ਦੇ ਵਿਧਾਨ ਸਭਾ ਖੇਤਰ ਵਿਚ ਬਕੈਣਵਾਲਾ ਪਿੰਡ ਪੈਂਦਾ ਹੈ, ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ।
ਜ਼ਿਕਰਯੋਗ ਹੈ ਕਿ ਵਿਧਾਇਕ ਨੇ ਪਿੰਡ ਬਕੈਣਵਾਲਾ ਦੇ ਪੀਡ਼ਤਾਂ ਦੀ ਮਦਦ ਲਈ ਆਪਣੀ ਇਕ ਮਹੀਨੇ ਦੀ ਤਨਖ਼ਾਹ ਵੀ ਦਿੱਤੀ ਸੀ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨੇ 24 ਮਾਰਚ ਨੂੰ ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ 20 ਦਿਨ ਬਾਅਦ 13 ਅਪ੍ਰੈਲ ਨੂੰ ਵੰਡਿਆ ਹੈ।
ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਜਨਕਲਿਆਣਕਾਰੀ ਨੀਤੀ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ। ਸਰਕਾਰ ਨੇ ਔਖੇ ਸਮੇਂ ’ਚ ਪੀੜਤ ਲੋਕਾਂ ਦਾ ਹੱਥ ਫੜਿਆ ਹੈ, ਇਸ ਲਈ ਉਹ ਪੰਜਾਬ ਸਰਕਾਰ ਦੇ ਪ੍ਰਤੀ ਬਹੁਤ ਅਹਿਸਾਨਮੰਦ ਹਨ। ਉਨ੍ਹਾਂ ਮੁੱਖ ਮੰਤਰੀ ਵੱਲੋਂ ਕੀਤੇ ਗਏ ਐਲਾਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਪੰਜਾਬ ਸਰਕਾਰ ਕੇਂਦਰ ਵੱਲੋਂ ਕਣਕ ਦੀਆਂ ਕੀਮਤਾਂ ’ਚ ਕਟੌਤੀ ਦੀ ਪੂਰਤੀ ਕਰੇਗੀ।