ਲੁਟੇਰਿਆਂ ਦੇ ਹੌਂਸਲੇ ਬੁਲੰਦ, ਸ਼ਰੇਆਮ ਦੇ ਰਹੇ ਵਾਰਦਾਤਾਂ ਨੂੰ ਅੰਜਾਮ
Tuesday, Jul 09, 2024 - 06:26 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਵਿਖੇ ਕੋਠੀ ਰਾਏ ਸਾਹਿਬ ਦੇ ਕੋਲ ਲੁਟੇਰਿਆਂ ਵੱਲੋਂ ਇਕ ਵਿਅਕਤੀ ਕੋਲੋਂ ਮੋਬਾਇਲ ਫੋਨ ਅਤੇ 5 ਹਜ਼ਾਰ ਰੁਪਏ ਖੋਹਣ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 115 (2), 304 ਬੀ. ਐੱਨ. ਐੱਸ. ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪ੍ਰਕਾਸ਼ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਬਸਤੀ ਮੁਹੰਮਦ ਅਲੀ ਸ਼ਾਹ, ਪਿੰਡ ਭਾਵੜਾ ਆਜ਼ਮ ਸ਼ਾਹ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਫਿਰੋਜ਼ਪੁਰ ਨੂੰ ਆ ਰਿਹਾ ਸੀ, ਜਦ ਉਹ ਕੋਠੀ ਰਾਏ ਸਾਹਿਬ ਪਾਸ ਪੁੱਜਾ ਤਾਂ ਪਿਛੋਂ ਤਿੰਨ ਨੌਜਵਾਨ ਮੋਟਰਸਾਈਕਲ ’ਤੇ ਆਏ, ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸੀ ਤੇ ਹੱਥਾਂ ਵਿਚ ਕਾਪੇ ਸਨ, ਜਿਨ੍ਹਾਂ ਨੇ ਉਸ ਦੇ ਸੱਟਾਂ ਮਾਰੀਆਂ ਅਤੇ ਉਸ ਪਾਸੋਂ ਇਕ ਮੋਬਾਇਲ ਫੋਨ, 5 ਹਜ਼ਾਰ ਰੁਪਏ ਅਤੇ ਐਨਕਾਂ ਖੋਹ ਲਈਆਂ।
ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਜਵੰਤ ਕੌਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।