ਪੱਤਰਕਾਰਾਂ ''ਤੇ ਝੂਠੇ ਪਰਚੇ ਰੱਦ ਕਰਨ ਨੂੰ ਲੈ ਕੇ ਕੀਤੀ ਗਈ ਨਾਅਰੇਬਾਜ਼ੀ

11/18/2020 6:03:43 PM

ਫਿਰੋਜ਼ਪੁਰ (ਹਰਚਰਨ, ਬਿੱਟੂ): ਫਿਰੋਜ਼ਪੁਰ ਪੁਲਸ ਵਲੋਂ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤੇ ਝੂਠੇ ਪਰਚੇ ਰੱਦ ਕਰਨ ਅਤੇ ਗੁੰਡਾਅਨਸਰਾਂ ਵੱਲੋਂ ਪੱਤਰਕਾਰਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਸਬੰਧੀ ਜ਼ਿਲ੍ਹਾ ਪੁਲਸ ਤੇ ਸਿਵਲ ਪ੍ਰਸਾਸ਼ਨ ਦੇ ਵਾਰ-ਵਾਰ ਧਿਆਨ 'ਚ ਲਿਆਉਣ ਦੇ ਬਾਵਜੂਦ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ 'ਚ ਅੱਜ ਸਮੁੱਚੇ ਪੱਤਰਕਾਰ ਭਾਈਚਾਰੇ ਵਲੋਂ ਐੱਸ.ਐੱਸ.ਪੀ. ਫਿਰੋਜ਼ਪੁਰ ਦੇ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਇਹ ਰੋਸ ਪ੍ਰਦਰਸ਼ਨ ਨਾਲ ਫਿਰੋਜ਼ਪੁਰ-ਗੰਗਾਨਗਰ ਕੌਮੀ ਮਾਰਗ ਜਾਮ ਕਰ ਦਿੱਤਾ। ਇਸ ਤੋਂ ਪਹਿਲਾਂ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਐੱਸ.ਐੱਸ.ਪੀ. ਦਫ਼ਤਰ ਤੱਕ ਰੋਸ ਮੁਜ਼ਾਹਰਾ ਕਰਦਿਆਂ ਜ਼ਿਲ੍ਹੇ ਭਰ ਦੀਆਂ ਪ੍ਰੈੱਸ ਕਲੱਬਾਂ ਤੋਂ ਆਏ ਪੱਤਰਕਾਰ ਸਾਥੀਆਂ ਨੇ ਪੁਲਸ ਦੇ ਘਟੀਆ ਵਤੀਰੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪੱਤਰਕਾਰਾਂ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ। 

ਐੱਸ.ਐੱਸ.ਪੀ.ਦਫਤਰ ਦੇ ਬਾਹਰ ਧਰਨਾਕਾਰੀਆਂ ਨੂੰ ਸੰੰਬੋਧਨ ਕਰਦਿਆਂ ਪ੍ਰੈੱਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ, ਸਾਬਕਾ ਪ੍ਰਧਾਨ ਪਰਮਿੰਦਰ ਸਿੰਘ ਥਿੰਦ ਤੇ ਮਨਦੀਪ ਕੁਮਾਰ ਮੌਂਟੀ, ਬਲਦੇਵ ਰਾਜ ਸ਼ਰਮਾ, ਗੁਰਦਰਸ਼ਨ ਸਿੰਘ ਸੰਧੂ, ਮਦਨ ਲਾਲ ਤਿਵਾੜੀ, ਦੀਪਕ ਵਧਾਵਨ ਪੰਜਾਬ ਤੇ ਚੰਡੀਗੜ੍ਹ ਯੂਨੀਅਨ ਆਫ ਜਰਨਲਿਸਟ ਗੁਰੂਹਰਸਹਾਏ ਨੇ ਕਿਹਾ ਪ੍ਰੈੱਸ ਕਲੱਬ ਫਿਰੋਜ਼ਪੁਰ ਅੰਦਰ ਵੜ ਕੇ ਪੱਤਰਕਾਰ ਗੁਰਨਾਮ ਸਿੱਧੂ ਤੇ ਜਾਨਲੇਵਾ ਹਮਲਾ ਕਰਨਾ ਸਮੁੱਚੀ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਹੈ।

PunjabKesari

ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਪੁਲਸ ਵਲੋਂ ਸਾਰੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਉਲਟਾ ਪੱਤਰਕਾਰਾਂ ਖ਼ਿਲਾਫ਼ ਹੀ ਮੁਕੱਦਮਾ ਦਰਜ ਕਰਨਾ, ਉਕਤ ਗੁੰਡਾ ਅਨਸਰਾਂ ਵਲੋਂ ਪੱਤਰਕਾਰਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਸਾਬਤ ਹੁੰਦਾ ਹੈ ਕਿ ਪੁਲਸ ਗੁੰਡਾ ਅਨਸਰਾਂ ਦੇ ਹੱਥਾਂ 'ਚ ਖੇਡ ਰਹੀ ਹੈ ਅਤੇ ਪੱਤਰਕਾਰਾਂ ਨੂੰ ਇਨਸਾਫ਼ ਦੇਣ ਤੋਂ ਭੱਜ ਰਹੀ ਹੈ। ਸਾਥੀਆਂ ਨੇ ਕਿਹਾ ਕਿ ਹੁਣ ਤੱਕ ਪ੍ਰੈੱਸ ਕਲੱਬ ਫਿਰੋਜ਼ਪੁਰ ਦੇ ਤਿੰਨ ਪੱਤਰਕਾਰਾਂ ਤੇ ਝੂਠੇ ਪਰਚੇ ਕੱਟ ਕੇ ਕਨੂੰਨ ਦੇ ਛਿੱਕੇ ਟੰਗ ਦਿੱਤਾ ਹੈ। ਅੱਧੇ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ ਪਰ ਪੁਲਸ ਫੜ ਨਹੀਂ ਰਹੀ। ਓਧਰ ਡਿਪਟੀ ਕਮਿਸ਼ਨਰ ਨੇ ਮੁੱਖ ਦੋਸ਼ੀ ਨੂੰ ਰੈੱਡ ਕਰਾਸ ਵਿਚ ਨੌਕਰੀ ਤੇ ਲਗਾ ਕੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ।

ਪੱਤਰਕਾਰ ਆਗੂਆਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਪੱਤਰਕਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਖ਼ਿਲਾਫ਼ ਦਰਜ ਕੀਤੇ ਝੂਠੇ ਪਰਚੇ ਰੱਦ ਨਾ ਕੀਤੇ ਅਤੇ ਪੱਤਰਕਾਰਾਂ ਨੂੰ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਸਮੁੱਚੇ ਪੰਜਾਬ ਵਿੱਚ ਫੈਲਾਇਆ ਜਾਵੇਗਾ ਜਿਸ ਦੀ ਜਿੰਮੇਵਾਰੀ ਫਿਰੋਜ਼ਪੁਰ ਪੁਲਸ ਤੇ ਸਿਵਲ ਪ੍ਰਸਾਸ਼ਨ ਦੀ ਹੋਵੇਗੀ। ਅੱਜ ਦੇ ਧਰਨੇ 'ਚ ਫਿਰੋਜ਼ਪੁਰ ਤੋਂ ਸੀਨੀਅਰ ਪੱਤਰਕਾਰ ਤਪਿੰਦਰ ਸਿੰਘ, ਮੈਡਮ ਪਰਮਜੀਤ ਕੌਰ ਸੋਢੀ, ਹਰਚਰਨ ਸਾਮਾ, ਗੁਰੂ ਹਰਸਹਾਏ ਤੋਂ ਪ੍ਰੈਸ ਕਲੱਬ ਦੇ ਪ੍ਰਧਾਨ ਰਵੀ ਮੌਂਗਾ, ਹਰਚਰਨ ਸਿੰਘ ਸੰਧੂ, ਮਮਦੋਟ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਸੰਗਮ, ਬਲਦੇਵ ਰਾਜ ਸ਼ਰਮਾ, ਤਲਵੰਡੀ ਭਾਈ ਤੋਂ ਹਰਜਿੰਦਰ ਕਤਨਾ, ਜੀਰਾ ਤੋਂ ਗੁਰਪ੍ਰੀਤ ਸਿੰਘ ਸਿੱਧੂ, ਡਿਸਟ੍ਰਿਕਟ ਪ੍ਰੈਸ ਕਲੱਬ ਫਿਰੋਜ਼ਪੁਰ ਤੋਂ ਪ੍ਰਧਾਨ ਗੁਰਬਚਨ ਸੋਨੂੰ, ਸਰਬਜੀਤ ਕਾਲਾ ਆਦਿ ਦੀ ਅਗਵਾਈ 'ਚ ਵੱਡੀ ਗਿਣਤੀ ਵਿੱਚ ਪੱਤਰਕਾਰ ਸਾਥੀਆਂ ਨੇ ਸ਼ਮੂਲੀਅਤ ਕੀਤੀ।


Shyna

Content Editor

Related News