ਅਬੋਹਰ ਸਰਕਾਰੀ ਹਸਪਤਾਲ ਦਾ ਦੌਰਾ ਕਰਨ ਆਏ ਸਿਹਤ ਮੰਤਰੀ ਅੱਗੇ ਲੱਗਿਆ ਸ਼ਿਕਾਇਤਾਂ ਦਾ ਢੇਰ

Saturday, Sep 17, 2022 - 01:21 PM (IST)

ਅਬੋਹਰ (ਰਹੇਜਾ, ਜ. ਬ.) : ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅਬੋਹਰ ਦੇ 100 ਬਿਸਤਰਿਆਂ ਵਾਲੇ ਏ-ਗਰੇਡ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਅਤੇ ਹਸਪਤਾਲ ਦੇ ਐਮਰਜੈਂਸੀ ਸਣੇ ਵੱਖ-ਵੱਖ ਵਾਰਡਾਂ ’ਚ ਇਲਾਜ ਅਧੀਨ ਮਰੀਜ਼ਾਂ ਤੋਂ ਹਸਪਤਾਲ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਪ੍ਰਤੀਨਿਧਾਂ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਉਹ ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰਨ ਲਈ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਦਾ ਦੌਰਾ ਕਰ ਰਹੇ ਹਨ, ਇਸ ਲਈ ਸ਼ੁੱਕਰਵਾਰ ਉਹ ਅਬੋਹਰ ਦੇ ਸਰਕਾਰੀ ਹਸਪਤਾਲ ਦਾ ਜਾਇਜ਼ਾ ਲੈਣ ਆਏ ਹਨ।

ਅਬੋਹਰ ਦਾ ਸਰਕਾਰੀ ਹਸਪਤਾਲ ਪਾਕਿਸਤਾਨ-ਰਾਜਸਥਾਨ ਸਰਹੱਦ ’ਤੇ ਸਥਿਤ ਹੈ, ਇਸ ਲਈ ਇੱਥੇ ਸਾਰੀਆਂ ਸਿਹਤ ਸਹੂਲਤਾਂ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇੱਥੇ ਪਈਆਂ ਮਸ਼ੀਨਾਂ ਦੀ ਜਲਦ ਹੀ ਮੁਰੰਮਤ ਕਰਵਾਈ ਜਾਵੇਗੀ ਅਤੇ ਡਾਕਟਰਾਂ ਦੀ ਘਾਟ ਨੂੰ ਵੀ ਪੂਰਾ ਕੀਤਾ ਜਾਵੇਗਾ। ਪਿਛਲੀਆਂ ਸਰਕਾਰਾਂ ਨੇ ਸਿਹਤ ਸਹੂਲਤਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ, ਜਿਸ ਕਰ ਕੇ ਹਸਪਤਾਲਾਂ ਦੀ ਹਾਲਤ ਖਸਤਾ ਹੋ ਗਈ ਹੈ। ਪਿਛਲੇ ਦਿਨੀਂ ਸਰਕਾਰੀ ਹਸਪਤਾਲ ’ਚ ਤਾਇਨਾਤ ਗਾਇਨੀਕੋਲੋਜਿਸਟ ਦੀ ਆਸ਼ਾ ਵਰਕਰ ਨੂੰ ਗਰਭਵਤੀ ਅੌਰਤਾਂ ਨੂੰ ਆਪਣੇ ਨਿੱਜੀ ਹਸਪਤਾਲ ’ਚ ਲਿਆਉਣ ਦਾ ਲਾਲਚ ਦੇਣ ਦੀ ਵਾਇਰਲ ਹੋਈ ਆਡੀਓ ਦੇ ਸਬੰਧ ’ਚ ਉਨ੍ਹਾਂ ਕਿਹਾ ਕਿ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਜਲਦ ਹੀ ਰਿਪੋਰਟ ਆਉਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਜਲਦ ਹੀ ਸਾਰੇ ਜ਼ਿਲਿਆਂ ’ਚ ਮੈਡੀਕਲ ਕਾਲਜ ਖੋਲ੍ਹਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਅੱਧੀ ਦਰਜਨ ਦੇ ਕਰੀਬ ਜ਼ਿਲ੍ਹਿਆਂ ’ਚ ਮੈਡੀਕਲ ਕਾਲਜ ਉਸਾਰੀ ਅਧੀਨ ਹਨ, ਬਾਕੀ ਜ਼ਿਲ੍ਹਿਆਂ ’ਚ ਵੀ ਇਸ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਜ਼ਿਲਾ ਫਾਜ਼ਿਲਕਾ ਦੇ ਪ੍ਰਧਾਨ ਸੁਨੀਲ ਸਚਦੇਵਾ, ਅਭਿਸ਼ੇਕ ਸਿਡਾਨਾ, ਤੇਜਵੀਰ ਬਰਾਡ਼, ਰਘੁਵੀਰ ਭਾਖਰ ਆਦਿ ਪਾਰਟੀ ਵਰਕਰ ਹਾਜ਼ਰ ਸਨ। ਇਸ ਮੌਕੇ ਵਿਧਾਇਕ ਸੰਦੀਪ ਜਾਖਡ਼, ਸਮਾਜ ਸੇਵੀ ਰਾਜੂ ਚਰਾਇਆ, ਵਪਾਰ ਮੰਡਲ ਦੇ ਪ੍ਰਧਾਨ ਸੁਰੇਸ਼ ਸਤੀਜਾ, ਪ੍ਰੋ. ਤੇਜਵੀਰ ਬਰਾਡ਼ ਆਦਿ ਨੇ ਹਸਪਤਾਲ ਵਿੱਚ ਸਿਟੀ ਸਕੈਨ ਉਪਲਬਧ ਕਰਵਾਉਣ, ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ, 24 ਘੰਟੇ ਬਿਜਲੀ ਦੇਣ, ਨਸ਼ਾ ਛੁਡਾਊ ਕੇਂਦਰ ਸ਼ੁਰੂ ਕਰਨ, ਦਵਾਈਆਂ ਦੀ ਘਾਟ ਨੂੰ ਪੂਰਾ ਕਰਨ ਲਈ ਮੰਗ-ਪੱਤਰ ਸੌਂਪਿਆ।


Anuradha

Content Editor

Related News