ਪੁਲਸ ਇਲਾਕੇ ਦੇ ਲੋਕਾਂ ਨੂੰ ਸਾਫ-ਸੁਥਰੀਆਂ ਸੇਵਾਵਾਂ ਦੇਣ ਲਈ ਵਚਨਬੱਧ : ਗੁਰਮੇਲ

12/12/2018 3:48:09 PM

ਫਿਰੋਜ਼ਪੁਰ (ਅਕਾਲੀਆਂਵਾਲਾ)– ਜ਼ਿਲਾ ਪੁਲਸ ਕਪਤਾਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ੀਰਾ ਪੁਲਸ ਇਲਾਕੇ ਦੇ ਲੋਕਾਂ ਨੂੰ ਸਾਫ-ਸੁਥਰੀਆਂ ਸੇਵਾਵਾਂ ਦੇਣ ਲਈ ਵਚਨਬੱਧ ਹੈ ਪਰ ਅਜਿਹੀਆਂ ਸੇਵਾਵਾਂ ਲਈ ਇਲਾਕੇ ਦੇ ਲੋਕਾਂ ਦਾ ਸਹਿਯੋਗ ਹੋਣਾ ਵੀ ਬਹੁਤ ਜ਼ਰੂਰੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਵ-ਨਿਯੁਕਤ ਥਾਣਾ ਮੁਖੀ ਗੁਰਮੇਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਜ਼ੀਰਾ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਆਵਾਜਾਈ ਦੇ ਮੱਦੇਨਜ਼ਰ ਦੁਕਾਨਦਾਰ ਆਪਣੀਆਂ ਦੁਕਾਨਾਂ ਅੱਗੇ ਕੋਈ ਵੀ ਅਜਿਹੀ ਵਸਤੂ ਨਾ ਰੱਖਣ, ਜਿਸ ਨਾਲ ਆਵਾਜਈ ’ਚ ਵਿਘਨ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਟਰੈਕਟਰਾਂ ਉੱਪਰ ਲੱਗੇ ਪ੍ਰੈਸ਼ਰ ਹਾਰਨ ਅਤੇ ਵੱਡੇ ਸਪੀਕਰ ਬਾਕਸ ਉਤਾਰ ਦਿੱਤੇ ਜਾਣ, ਜਿਸ ਨਾਲ ਸ਼ੋਰ ਪ੍ਰਦੂਸ਼ਣ ’ਚ ਵਾਧਾ ਹੁੰਦਾ ਹੈ। ਉਨ੍ਹਾਂ ਸ਼ਹਿਰ ਦੇ ਸਮੂਹ ਹੋਟਲਾਂ ਦੇ ਮਾਲਕਾਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਹੋਟਲਾਂ ਵਿਚ ਠਹਿਰਣ ਵਾਲੇ ਵਿਅਕਤੀਆਂ ਦਾ ਪਛਾਣ ਪੱਤਰ ਜ਼ਰੂਰ ਚੈੱਕ ਕਰਨ। ਉਪਰੰਤ ਹੀ ਉਸ ਨੂੰ ਠਹਿਰਣ ਲਈ ਕਮਰਾ ਦਿੱਤਾ ਜਾਵੇ । ਉਨ੍ਹਾਂ ਕਾਰ ਮਾਲਕਾਂ ਨੂੰ ਕਿਹਾ ਕਿ ਸਰਦੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ ਉਹ ਆਪਣੀਆਂ ਕਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਖੜ੍ਹੇ ਕਰਨ। ਪੈਲੇਸਾਂ ਅਤੇ ਆਮ ਪ੍ਰੋਗਰਾਮ ’ਚ ਰਾਤ 10 ਵਜੇ ਤੋਂ ਬਾਅਦ ਡੀ. ਜੇ. ਨਾ ਚਲਾਉਣ ਅਤੇ ਪੈਲੇਸਾਂ ਵਿਚ ਕਿਸੇ ਵੀ ਤਰ੍ਹਾਂ ਦੇ ਹਵਾਈ ਫਾਇਰ ਨਾ ਕਰਨ ਦਿੱਤੇ ਜਾਣ। ਉਨ੍ਹਾਂ ਰੇਤਾ ਦੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਦੇ ਨਾਲ-ਨਾਲ ਇਹ ਵੀ ਹਦਾਇਤ ਕੀਤੀ ਕਿ ਰੇਤਾ ਟਰਾਲੀਆਂ ਉੱਪਰ ਰੇਤਾ ਨੂੰ ਕਵਰ ਕੀਤਾ ਜਾਵੇ ਤਾਂ ਕਿ ਕਿਸੇ ਵੀ ਰਾਹਗੀਰ ਦੀਆਂ ਅੱਖਾਂ ’ਚ ਇਹ ਰੇਤਾ ਨਾ ਪਵੇ। ਉਨ੍ਹਾਂ ਜਿਥੇ ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਨੂੰ ਸਖਤ ਚਿਤਾਵਨੀ ਦਿੱਤੀ ਅਤੇ ਇਹ ਵੀ ਕਿਹਾ ਕਿ ਤੀਸਰੀ ਸਵਾਰੀ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਨਾਬਾਲਗ ਸਕੂਟਰੀਆਂ ਚਲਾਉਣ ਤੋਂ ਪ੍ਰਹੇਜ਼ ਕਰਨ ਜੇਕਰ ਉਲੰਘਣਾ ਕੀਤੀ ਤਾਂ ਉਨ੍ਹਾਂ ਦੇ ਚਲਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜ਼ੀਰਾ ਦੇ ਮੇਨ ਬਾਜ਼ਾਰ ’ਚ ਹੈਵੀ ਵਾਹਨਾਂ ਦੀ ਸਵੇਰੇ 8 ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਆਵਾਜਾਈ ਬੰਦ ਰਹੇਗੀ।


Related News