ਫਿਰੋਜ਼ਪੁਰ 'ਚ ਕਿਸਾਨ ਸੰਗਠਨਾਂ ਨੇ 2 ਘੰਟੇ ਲਈ ਨੈਸ਼ਨਲ ਹਾਈਵੇਅ ਕੀਤਾ ਜਾਮ
Friday, Oct 09, 2020 - 04:03 PM (IST)
ਫਿਰੋਜ਼ਪੁਰ (ਕੁਮਾਰ): ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਐਕਟ 2020 ਦਾ ਵਿਰੋਧ ਕਰ ਰਹੇ ਕਿਸਾਨ ਸੰਗਠਨਾਂ ਨੇ ਅੱਜ ਫਿਰੋਜ਼ਪੁਰ ਛਾਊਣੀ ਦੀ ਚੁੰਗੀ ਨੰ. 7 'ਤੇ ਨੈਸ਼ਨਲ ਹਾਈਵੇਅ ਨੂੰ ਪੂਰੀ ਤਰ੍ਹਾਂ ਨਾਲ ਜਾਮ ਕਰ ਦਿੱਤਾ, ਜਿਸ ਨਾਲ 2 ਘੰਟੇ ਲਈ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ। ਕਿਸਾਨ ਸੰਗਠਨਾਂ ਦੇ ਨੇਤਾਵਾਂ ਨੇ ਕਿਹਾ ਕਿ ਮੋਦੀ ਸਰਕਾਰ 'ਤੇ ਕੋਈ ਅਸਰ ਨਹੀਂ ਹੋ ਰਿਹਾ ਜਦਕਿ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਮਜ਼ਬੂਰ ਹੋ ਕੇ ਅੱਜ ਉਨ੍ਹਾਂ ਨੇ ਨੈਸ਼ਨਲ ਹਾਈਵੇਅ ਨੂੰ ਜਾਮ ਕਰਨਾ ਪਿਆ। ਕਿਸਾਨ ਸੰਗਠਨਾਂ ਦੇ ਨੇਤਾਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨ ਅਤੇ ਬਿਜਲੀ ਸੋਧ ਐਕਟ 2020 ਨੂੰ ਤੁਰੰਤ ਰੱਦ ਕਰਨ।
ਕਿਸਾਨ ਸੰਗਠਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਬਾਨੀ ਅਤੇ ਅਡਾਨੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਹਰਿਆਣਾ 'ਚ ਸ਼ਾਂਤੀਪੂਰਵਕ ਰੋਸ ਪ੍ਰਗਟ ਕਰ ਰਹੇ ਕਿਸਾਨਾਂ ਅਤੇ ਹਰਿਆਣਾ ਪੁਲਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੋ ਜਾਂਦੀ ਉਸ ਸਮੇਂ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਕਿਸਾਨ ਰੇਲ ਟਰੈਕ ਖਾਲੀ ਨਹੀਂ ਕਰਨਗੇ। ਕਿਸਾਨ ਸੰਗਠਨਾਂ ਵਲੋਂ ਐਂਬੂਲੈਂਸ ਦੀਆਂ ਗੱਡੀਆਂ, ਆਰਮੀ ਦੀਆਂ ਗੱਡੀਆਂ ਅਤੇ ਜਿਨ੍ਹਾਂ ਗੱਡੀਆਂ 'ਚ ਗਰਭਵਤੀ ਜਨਾਨੀਆਂ ਸਨ, ਉਨ੍ਹਾਂ ਗੱਡੀਆਂ ਨੂੰ ਆਉਣ-ਜਾਣ ਦੀ ਛੂਟ ਦਿੱਤੀ ਗਈ। ਕਿਸਾਨਾਂ ਦੇ ਜਾਮ ਨੂੰ ਦੇਖਦੇ ਹੋਏ ਪੁਲਸ ਵਲੋਂ ਚੁੰਗੀ ਨੰ. 7 'ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ। ਇਸ ਜਾਮ ਦੇ ਕਾਰਨ ਜਲੰਧਰ, ਲੁਧਿਆਣਾ, ਫਰੀਦਕੋਟ, ਬਠਿੰਡਾ, ਫਾਜ਼ਿਲਕਾ ਸ੍ਰੀ ਗੰਗਾਨਗਰ ਮਲੋਟ ਅਤੇ ਮੁਕਤਸਰ ਆਦਿ ਵਲੋਂ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।