ਚਰਚਾ ਦਾ ਵਿਸ਼ਾ ਬਣੀ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ, ਕੈਦੀ ''ਤੇ ਹੋਇਆ ਜਾਨਲੇਵਾ ਹਮਲਾ
Tuesday, Apr 04, 2023 - 05:57 PM (IST)
ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ’ਚ ਕੈਦੀ ਸੁਰਜੀਤ ਸਿੰਘ ਪੁੱਤਰ ਜੰਗੀਰ ਸਿੰਘ ’ਤੇ ਜਾਨਲੇਵਾ ਹਮਲਾ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਅਤੇ ਜ਼ਖ਼ਮੀ ਕੈਦੀ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਜ਼ਖ਼ਮੀ ਕੈਦੀ ਸੁਰਜੀਤ ਸਿੰਘ ਦੇ ਬਿਆਨਾਂ ’ਤੇ ਕੈਦੀ ਰਿਤਿਕ ਕੁਮਾਰ ਅਤੇ ਉਸ ਦੇ ਇੱਕ ਅਣਪਛਾਤੇ ਕੈਦੀ ਸਾਥੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਮੰਤਰੀ ਹਰਜੋਤ ਬੈਂਸ ਪਤਨੀ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੋਏ ਨਤਮਸਤਕ
ਉਨ੍ਹਾ ਨੇ ਦੱਸਿਆ ਕਿ ਜ਼ਖ਼ਮੀ ਕੈਦੀ ਸੁਰਜੀਤ ਸਿੰਘ ਨੇ ਪੁਲਸ ਨੂੰ ਆਪਣੇ ਬਿਆਨਾਂ ’ਚ ਦੱਸਿਆ ਹੈ ਕਿ ਬੀਤੀ ਸ਼ਾਮ ਉਨ੍ਹਾਂ ਦੀ ਬੈਰਕ ਦਾ ਇੰਟਰਕਾਮ ਖ਼ਰਾਬ ਹੋ ਗਿਆ ਸੀ ਅਤੇ ਜਦੋਂ ਉਹ ਇੰਟਰਕਾਮ ਠੀਕ ਕਰਨ ਦਾ ਸੁਨੇਹਾ ਦੇ ਕੇ ਵਾਪਸ ਆ ਰਿਹਾ ਸੀ ਤਾਂ ਬੈਰਕ ਨੰ: 4 ਦੇ ਨੇੜੇ ਰਿਤਿਕ ਕੁਮਾਰ ਅਤੇ ਉਸ ਦੇ ਇਕ ਅਣਪਛਾਤੇ ਬੰਦੀ ਸਾਥੀ ਨੇ ਉਸ ਨੂੰ ਘੇਰ ਲਿਆ ਅਤੇ ਰਿਤਿਕ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਦੇ ਸਿਰ ’ਤੇ ਕੋਈ ਤਿੱਖੀ ਕਟਰ ਜਿਹੀ ਚੀਜ਼ ਮਾਰੀ, ਜਿਸ ਕਾਰਨ ਉਹ ਲਹੁ-ਲੂਹਾਣ ਹੋ ਗਿਆ।
ਇਹ ਵੀ ਪੜ੍ਹੋ- ਸੁਲਤਾਨਪੁਰ ਲੋਧੀ 'ਚ ਵਾਪਰਿਆ ਭਿਆਨਕ ਹਾਦਸਾ, 2 ਜਣਿਆਂ ਦੀ ਮੌਤ, ਕਾਰ ਕੱਟ ਕੇ ਕੱਢੀਆਂ ਲਾਸ਼ਾਂ
ਇਸ ਤੋਂ ਬਾਅਦ ਅਣਪਛਾਤੇ ਬੰਦੀ ਨੇ ਵੀ ਉਸ 'ਤੇ ਤਿੱਖੀ ਚੀਜ਼ ਨਾਲ ਹਮਲਾ ਕੀਤਾ ਤੇ ਜਦੋਂ ਸ਼ਿਕਾਇਤਕਰਤਾ ਨੇ ਆਪਣਾ ਬਚਾਅ ਕੀਤਾ ਤਾਂ ਉਹ ਤਿੱਖੀ ਚੀਜ਼ ਉਸ ਦੇ ਅੰਗੂਠੇ ’ਤੇ ਲੱਗ ਗਈ ਅਤੇ ਹਮਲਾਵਰਾਂ ਨੇ ਉਸ ਨੂੰ ਇਸ ਘਟਨਾ ਬਾਰੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੱਤੀ। ਇਸ ਹਮਲੇ ਨੂੰ ਲੈ ਕੇ ਬੈਰਕ ਨੰਬਰ 4 ਵਿੱਚ ਹਫੜਾ-ਦਫੜੀ ਮੱਚ ਗਈ ਅਤੇ ਜੇਲ੍ਹ ਸਟਾਫ਼ ਨੇ ਮੌਕੇ ’ਤੇ ਆ ਕੇ ਕੈਦੀ ਨੂੰ ਹਮਲਾਵਰਾਂ ਤੋਂ ਛੁਡਵਾਇਆ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।