ਅਬੋਹਰ ''ਚ ਤੇਜ਼ ਹਨੇਰੀ ਕਾਰਨ ਤਿੰਨ ਨਹਿਰਾਂ ''ਚ ਪਿਆ ਪਾੜ, ਸੈਂਕੜਾ ਏਕੜ ਫ਼ਸਲ ਡੁੱਬੀ

05/18/2023 4:58:26 PM

ਅਬੋਹਰ (ਸੁਨੀਲ) : ਬੀਤੀ ਰਾਤ ਆਈ ਤੇਜ਼ ਹਨੇਰੀ ਕਾਰਨ ਇਲਾਕੇ ਦੀਆਂ ਕਈ ਨਹਿਰਾਂ 'ਚ ਪਾੜ ਪੈ ਗਏ, ਜਿਸ ਕਾਰਨ ਸੈਂਕੜੇ ਏਕੜ ਜ਼ਮੀਨ ਪਾਣੀ ਵਿਚ ਡੁੱਬ ਗਈ ਅਤੇ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋ ਗਈਆਂ। ਜਾਣਕਾਰੀ ਅਨੁਸਾਰ ਬੀਤੀ ਰਾਤ ਤੇਜ਼ ਹਨੇਰੀ ਕਾਰਨ ਕਿਸਾਨ ਮੰਗਤ ਰਾਮ ਦੀ 5 ਏਕੜ ਨਰਮੇ ਦੀ ਫ਼ਸਲ, ਰਮੇਸ਼ ਕੁਮਾਰ ਦੀ 15 ਏਕੜ ਨਰਮੇ ਦੀ ਫ਼ਸਲ ਅਤੇ ਹੋਰ ਨੇੜਲੇ ਕਿਸਾਨਾਂ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ। ਜ਼ਿਕਰਯੋਗ ਹੈ ਕਿ ਕਰੀਬ ਡੇਢ ਮਹੀਨਾ ਪਹਿਲਾਂ ਬੱਲੂਆਣਾ ਦੇ ਵਿਧਾਇਕ ਨੇ ਇਸ ਮਾਈਨਰ ਦੀ ਨਵੀਂ ਉਸਾਰੀ ਦਾ ਸ਼ੁੱਭ ਆਰੰਭ ਕੀਤਾ ਸੀ ਕਿ ਬੀਤੀ ਰਾਤ ਦਰੱਖਤ ਡਿੱਗਣ ਕਾਰਨ ਪਾਣੀ ਓਵਰਫਲੋ ਹੋ ਗਿਆ ਅਤੇ ਇਹ ਨਹਿਰ ਟੁੱਟ ਗਈ।

ਇਹ ਵੀ ਪੜ੍ਹੋ- ਮਾਨਸਾ ਜ਼ਿਲ੍ਹੇ ਨੂੰ ਜਲਦ ਮਿਲੇਗੀ ਵੱਡੀ ਸੌਗਾਤ, ਪੰਜਾਬ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ

ਇਸੇ ਤਰ੍ਹਾਂ ਢਾਣੀ ਨਈਆਂ ਵਾਲੀ ਨੇੜੇ ਮਲੂਕਪੁਰਾ ਮਾਈਨਰ ਵਿੱਚ 25 ਫੁੱਟ ਪਾੜ ਪੈਣ ਕਾਰਨ ਉਥੇ ਰਹਿੰਦੇ ਇੱਕ ਕਿਸਾਨ ਦੀ ਢਾਣੀ ਵਿੱਚ ਪਾਣੀ ਦਾਖ਼ਲ ਹੋ ਗਿਆ, ਉਥੇ ਰੱਖੀ ਕਣਕ ਦੀ ਫ਼ਸਲ ਪਾਣੀ ਨਾਲ ਬਰਬਾਦ ਹੋ ਗਈ ਅਤੇ ਹੋਰ ਕਿਸਾਨਾਂ ਦੇ ਖੇਤਾਂ ਵਿੱਚ ਵੀ ਪਾਣੀ ਵੜ ਗਿਆ। ਇਸੇ ਤਰ੍ਹਾਂ ਪਿੰਡ ਗਿੱਦਾਂਵਾਲੀ ਦੀਵਾਨਖੇੜਾ ਦੇ ਵਿਚਕਾਰ ਬੀਤੀ ਰਾਤ ਝੱਖੜ ਕਾਰਨ ਨਹਿਰ ਵਿੱਚ ਪਾੜ ਪੈਣ ਕਾਰਨ ਆਲੇ-ਦੁਆਲੇ ਦੇ ਖੇਤਾਂ ਵਿੱਚ ਪਾਣੀ ਭਰ ਜਾਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਡੁੱਬ ਗਈਆਂ। ਪਿੰਡ ਤਾਜਾ ਪੱਟੀ ਨੇੜਿਓਂ ਲੰਘਦੀ ਨਹਿਰ ਵਿੱਚ ਦਰੱਖਤ ਡਿੱਗਣ ਕਾਰਨ ਇਹ ਓਵਰਫਲੋਅ ਹੋ ਗਿਆ, ਜਿਸ ਦੇ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ, ਜਿਸ ਦੀ ਸੂਚਨਾ ਇੱਥੋਂ ਦੇ ਕਿਸਾਨਾਂ ਨੇ ਵਿਭਾਗੀ ਅਧਿਕਾਰੀਆਂ ਨੂੰ ਦਿੱਤੀ ਹੈ।

ਇਹ ਵੀ ਪੜ੍ਹੋ- ਤੇਜ਼ ਝੱਖੜ ਨੇ ਤਹਿਸ-ਨਹਿਸ ਕੀਤਾ ਪੈਟਰੋਲ ਪੰਪ, ਜੜ੍ਹੋਂ ਉਖਾੜੀਆਂ ਮਸ਼ੀਨਾਂ, 35 ਲੱਖ ਦਾ ਹੋਇਆ ਨੁਕਸਾਨ(ਤਸਵੀਰਾਂ)

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News