ਕੈਨੇਡਾ ਰਹਿੰਦੇ ਪੁੱਤ ਦਾ ਨਾਂ ਲੈ ਕੇ ਪਿਤਾ ਨਾਲ ਮਾਰੀ ਵੱਡੀ ਠੱਗੀ

Wednesday, Jul 17, 2024 - 05:28 PM (IST)

ਅਬੋਹਰ (ਸੁਨੀਲ) : ਕੇਂਦਰ ਸਰਕਾਰ ਅਤੇ ਵੱਖ-ਵੱਖ ਵਿੱਤੀ ਸੰਸਥਾਵਾਂ ਵੱਲੋਂ ਲੋਕਾਂ ਨੂੰ ਸੁਚੇਤ ਅਤੇ ਸਾਵਧਾਨ ਰਹਿਣ ਦੇ ਦਿੱਤੇ ਸੰਦੇਸ਼ ਦੇ ਬਾਵਜੂਦ ਲੋਕ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਸ਼ਰਾਰਤੀ ਅਨਸਰ ਲੋਕਾਂ ਦੇ ਬੈਂਕ ਖਾਤਿਆਂ ਵਿੱਚੋਂ ਪੈਸੇ ਚੋਰੀ ਕਰਨ ਵਿਚ ਲਗਾਤਾਰ ਕਾਮਯਾਬ ਹੋ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸ਼ਹਿਰ ਵਿਚ ਦੇਖਣ ਨੂੰ ਮਿਲਿਆ ਹੈ। ਜਿਸ ’ਚ ਠੱਗ ਨੌਜਵਾਨਾਂ ਨੇ ਇਕ ਵਿਅਕਤੀ ਦੇ ਮੋਬਾਈਲ ’ਤੇ ਕਾਲ ਕਰਕੇ ਉਸ ਦਾ ਲੜਕਾ ਜੋ ਵਿਦੇਸ਼ ਗਿਆ ਹੋਇਆ ਸੀ, ਦਾ ਹਵਾਲਾ ਦੇ ਕੇ ਉਸ ਦੇ ਬੈਂਕ ਖਾਤੇ ’ਚ ਲੱਖਾਂ ਰੁਪਏ ਟਰਾਂਸਫਰ ਕਰਵਾ ਲਏ। ਪੀੜਤ ਨੇ ਸਿਟੀ ਥਾਣਾ ਨੰਬਰ 1 ਅਤੇ ਸਾਈਬਰ ਕ੍ਰਾਈਮ ’ਚ ਸ਼ਿਕਾਇਤ ਦਰਜ ਕਰਵਾਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਦੇ ਰਹਿਣ ਵਾਲੇ ਇਕ ਸਰਕਾਰੀ ਅਧਿਆਪਕਾ ਦਾ ਲੜਕਾ ਹਾਲ ਹੀ ਵਿਚ ਕੈਲਗਰੀ (ਕੈਨੇਡਾ) ਗਿਆ ਹੈ। ਬੀਤੇ ਦਿਨੀਂ ਸਵੇਰ ਅਧਿਆਪਕਾ ਦੇ ਪਤੀ ਦੇ ਮੋਬਾਈਲ ’ਤੇ ਇਕ ਅਣਪਛਾਤੇ ਨੰਬਰ ਤੋਂ ਫ਼ੋਨ ਆਇਆ ਕਿ ਉਸ ਦਾ ਲੜਕਾ ਕਿਸੇ ਅਪਰਾਧਿਕ ਗਤੀਵਿਧੀ ਵਿਚ ਸ਼ਾਮਲ ਹੈ ਅਤੇ ਉਸ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਫੋਨ ਕਰਨ ਵਾਲੇ ਨੇ ਭਰੋਸਾ ਦਿੱਤਾ ਕਿ ਜੇਕਰ ਉਹ ਉਨ੍ਹਾਂ ਦੇ ਬੈਂਕ ਖਾਤੇ ਵਿਚ 2 ਲੱਖ 10 ਹਜ਼ਾਰ ਰੁਪਏ ਜਮ੍ਹਾਂ ਕਰਵਾ ਦੇਵੇ ਤਾਂ ਉਹ ਉਨ੍ਹਾਂ ਦੇ ਬੇਟੇ ਨੂੰ ਪੁਲਸ ਦੀ ਕਾਰਵਾਈ ਤੋਂ ਬਚਾ ਸਕਦਾ ਹੈ।

ਪੀੜਤ ਨੇ ਦੱਸਿਆ ਕਿ ਕਾਲ ਕਰਨ ਵਾਲੇ ਠੱਗ ਨੇ ਉਸ ਨੂੰ ਇਕ ਨੌਜਵਾਨ ਨਾਲ ਗੱਲ ਵੀ ਕਰਵਾਈ, ਜਿਸ ਦੀ ਆਵਾਜ਼ ਬਿਲਕੁਲ ਉਸ ਦੇ ਪੁੱਤਰ ਨਾਲ ਮਿਲਦੀ-ਜੁਲਦੀ ਸੀ। ਇਸ ਘਬਰਾਹਟ ਵਿਚ ਉਸ ਨੇ ਠੱਗ ਦੇ ਬੈਂਕ ਖਾਤੇ ਵਿਚ 2 ਲੱਖ 10 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਜਦੋਂ ਪੀੜਤ ਨੇ ਸਾਰੀ ਘਟਨਾ ਆਪਣੀ ਪਤਨੀ ਨੂੰ ਦੱਸੀ ਤਾਂ ਉਸ ਨੂੰ ਪਤਾ ਲੱਗਾ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਪੀੜਤ ਜੋੜੇ ਵੱਲੋਂ ਆਪਣੇ ਬੈਂਕ ਵਿਚ ਸੰਪਰਕ ਕਰਨ 'ਤੇ ਪਤਾ ਲੱਗਾ ਕਿ ਠੱਗ ਵਿਅਕਤੀ ਨੇ ਜਿਸ ਬੈਂਕ ਖਾਤੇ ਵਿਚ ਰਾਸ਼ੀ ਟਰਾਂਸਫਰ ਕਰਵਾਈ ਹੈ, ਉਹ ਬਿਹਾਰ ਦਾ ਖਾਤਾ ਹੈ।

ਪੀੜਤ ਜੋੜੇ ਵੱਲੋਂ ਸ਼ਿਕਾਇਤ ਦਰਜ ਕਰਵਾਉਣ 'ਤੇ ਬੈਂਕ ਅਧਿਕਾਰੀਆਂ ਨੇ ਧੋਖਾਧੜੀ ਕਰਨ ਵਾਲੇ ਵਿਅਕਤੀ ਦਾ ਖਾਤਾ ਫ੍ਰੀਜ ਕਰ ਦਿੱਤਾ ਪਰ ਉਦੋਂ ਤੱਕ 2 ਲੱਖ 10 ਹਜ਼ਾਰ ਰੁਪਏ ਵਿਚੋਂ 1 ਲੱਖ 5 ਹਜ਼ਾਰ ਰੁਪਏ ਕਢਵਾ ਲਏ ਗਏ ਸਨ, ਜਦੋਂ ਕਿ 1 ਲੱਖ 5 ਹਜ਼ਾਰ ਰੁਪਏ ਦਾ ਬੈਂਕ ਬੈਲੰਸ ਫ੍ਰੀਜ ਕਰ ਦਿੱਤਾ ਗਿਆ। ਪੁਲਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।


Gurminder Singh

Content Editor

Related News