ਹੁੱਲੜਬਾਜ਼ੀ ਕਰ ਰਹੇ ਮੋਟਰਸਾਈਕਲ ਸਵਾਰ ਮੁੰਡਿਆਂ ਨੇ ਕਈ ਮੀਟਰ ਤੱਕ ਘੜੀਸੀ 6 ਸਾਲਾ ਬੱਚੀ, ਲੱਗੇ ਕਈ ਟਾਂਕੇ
Thursday, Mar 09, 2023 - 06:23 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਹੋਲੀ ਦੇ ਤਿਉਹਾਰ ਮੌਕੇ ਸ਼ਹਿਰ ਅੰਦਰ ਕੁਝ ਸ਼ਰਾਰਤੀ ਅਨਸਰਾਂ ਨੇ ਮੋਟਰਸਾਈਕਲਾ 'ਤੇ ਹੋਰ ਵਾਹਨਾਂ 'ਤੇ ਸਵਾਰ ਹੋ ਕੇ ਹੋਲੀ ਖੇਡੀ ਅਤੇ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਨਾਲ ਗਲੀਆਂ ਅਤੇ ਬਾਜ਼ਾਰਾਂ ਵਿਚ ਰਾਹਗੀਰ ਲੋਕਾਂ ਦੇ ਉੱਪਰ ਰੰਗ ਪਾਉਦਿਆਂ ਹੁਲੜਬਾਜ਼ੀ ਕਰਦੇ ਹੋਏ ਹੋਲੀ ਖੇਡਦੇ ਨਜ਼ਰ ਆਏ। ਇਸ ਦੌਰਾਨ ਸ਼ਹਿਰ ਦੀ ਗੁਰੂ ਕਰਮ ਸਿੰਘ ਵਾਲੀ ਬਸਤੀ ਦੇ ਨਾਲ ਲੱਗਦੀ ਗਲੀ ਵਿੱਚ ਰਹਿੰਦੀ 6 ਸਾਲਾ ਬੱਚੀ ਹੇਜ਼ਲ, ਜੋ ਕਿ ਆਪਣੀ ਗਲੀ ਵਿੱਚ ਬੱਚਿਆ ਨਾਲ ਹੋਲੀ ਖੇਡ ਰਹੀ ਸੀ ਤਾਂ ਇਸ ਦੌਰਾਨ ਕੁਝ ਮੋਟਰਸਾਈਕਲ ਸਵਾਰ ਬੱਚੇ ਹੋਲੀ ਖੇਡ ਰਹੇ ਸਨ ਤਾਂ ਉਨ੍ਹਾਂ ਨੇ 6 ਸਾਲਾ ਬੱਚੀ ਹੇਜ਼ਲ ਨੂੰ ਮੋਟਰਸਾਇਕਲ ਥੱਲੇ ਦੇ ਕੇ ਜ਼ਖ਼ਮੀ ਕਰ ਦਿੱਤਾ ਤੇ ਮੌਕੇ ਤੋ ਫਰਾਰ ਹੋ ਗਏ।
ਇਹ ਵੀ ਪੜ੍ਹੋ- ਨਸ਼ੇ ਨੇ ਮੁੜ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, 3 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਹੱਥ
ਜਾਣਕਾਰੀ ਦਿੰਦਿਆਂ ਬੱਚੀ ਦੀ ਮਾਤਾ ਪ੍ਰਵੀਨ ਪਤਨੀ ਦੀਪਕ ਮੋਂਗਾ ਨੇ ਦੱਸਿਆ ਕਿ ਉਸ ਦੀ 6 ਸਾਲਾ ਬੱਚੀ ਹੇਜ਼ਲ, ਜੋ ਕਿ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਗਲੀ ਵਿੱਚ ਖੇਡ ਰਹੀ ਸੀ, ਇਸ ਦੌਰਾਨ 3 ਵੱਖ-ਵੱਖ ਮੋਟਰਸਾਈਕਲਾ 'ਤੇ ਸਵਾਰ ਬੱਚਿਆਂ ਨੂੰ ਮੋਟਰਸਾਈਕਲ ਹੋਲੀ ਚਲਾਉਣ ਅਤੇ ਰੋਕਣ ਲਈ ਕਿਹਾ ਤਾਂ ਉਨ੍ਹਾਂ ਨੇ ਮੋਟਰਸਾਈਕਲ ਨਹੀਂ ਰੋਕਿਆ। ਇਸ ਦੌਰਾਨ ਉਸ ਦੀ ਬੱਚੀ ਇੱਕ ਮੋਟਰਸਾਈਕਲ ਦੇ ਹੇਠਾਂ ਆ ਗਈ, ਜਿਸ ਨੂੰ ਮੋਟਰਸਾਈਕਲ ਸਵਾਰ ਕਈ ਮੀਟਰ ਨਾਲ ਘਸੀਟ ਕੇ ਲੈ ਗਏ।
ਇਹ ਵੀ ਪੜ੍ਹੋ- ਹੋਲੀ ਮੌਕੇ ਦੋ ਘਰਾਂ 'ਚ ਪਏ ਵੈਣ, ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਏ ਮਾਪਿਆਂ ਦੇ ਦੋ ਪੁੱਤ
ਇਸ ਦੌਰਾਨ ਉਸ ਦੇ ਸਰੀਰ ਤੇ ਬੁੱਲ੍ਹ 'ਤੇ ਸੱਟਾਂ ਵੱਜੀਆਂ ਤੇ ਕੁਝ ਟਾਈਮ ਲਈ ਬਚੀ ਬੇਸੁੱਧ ਹੋ ਗਈ। ਜ਼ਖ਼ਮੀ ਹਾਲਤ ਵਿੱਚ ਬੱਚੀ ਨੂੰ ਨੇੜਲੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਤੇ ਉਸ ਦੇ ਬੁੱਲ੍ਹ ਉਪਰ ਕਈ ਟਾਂਕੇ ਲੱਗੇ। ਗਨੀਮਤ ਇਹ ਰਹੀ ਕਿ ਇਸ ਹਾਦਸੇ ਬੱਚੀ ਦੀ ਜਾਨ ਬਚ ਗਈ। ਬੱਚੀ ਦੇ ਪਰਿਵਾਰ ਵਾਲਿਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਨੇ ਵੀ ਉਨ੍ਹਾਂ ਦੀ ਬੱਚੀ ਨੂੰ ਜ਼ਖ਼ਮੀ ਕੀਤਾ ਹੈ, ਉਨ੍ਹਾਂ ਦੀ ਪਹਿਚਾਣ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।