ਸਿਟੀ ਮਲੋਟ ਪੁਲਸ ਨੇ ਹੈਰੋਇਨ ਅਤੇ ਸ਼ਰਾਬ ਸਮੇਤ ਦੋ ਕਾਬੂ
Friday, Oct 10, 2025 - 05:24 PM (IST)

ਮਲੋਟ (ਜੁਨੇਜਾ) : ਨਸ਼ੇ ਵਿਰੁੱਧ ਮੁਹਿੰਮ ਤਹਿਤ ਪੁਲਸ ਨੇ ਵੱਖ-ਵੱਖ ਮਾਮਲਿਆਂ ਵਿਚ ਹੈਰੋਇਨ ਅਤੇ ਨਜਾਇਜ਼ ਸ਼ਰਾਬ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਸਿਟੀ ਮਲੋਟ ਪੁਲਸ ਦੇ ਮੁੱਖ ਅਫ਼ਸਰ ਵਰੁਣ ਕੁਮਾਰ ਯਾਦਵ ਦੀ ਅਗਵਾਈ ਹੇਠ ਏ.ਐੱਸ.ਆਈ. ਜਸਵਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਜਗਦੀਸ਼ ਕੁਮਾਰ ਸਮੇਤ ਪੁਲਸ ਟੀਮ ਨੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੀ ਤਲਾਸ਼ ਮੁਹਿੰਮ ਤਹਿਤ ਫੋਕਲ ਪੁਆਇੰਟ ਕੋਲ ਇਕ ਵਿਅਕਤੀ ਨੂੰ ਸ਼ੱਕੀ ਹਾਲਤ ਵਿਚ ਵੇਖਿਆ। ਜਿਸ ਨੇ ਪੁਲਸ ਨੂੰ ਵੇਖ ਕਿ ਖਿਸਕਣ ਦੀ ਕੋਸਿਸ਼ ਕੀਤੀ। ਪੁਲਸ ਟੀਮ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸਦੀ ਸ਼ਨਾਖਤ ਸ਼ਿਵ ਕੁਮਾਰ ਉਰਫ ਨੰਨੀ ਪੁੱਤਰ ਪਵਨ ਕੁਮਾਰ ਨੇੜੇ ਫਾਇਰ ਸਟੇਸ਼ਨ, ਕ੍ਰਿਸ਼ਨਾ ਨਗਰ ਕੈਂਪ ਮਲੋਟ ਵਜੋਂ ਹੋਈ। ਪੁਲਸ ਨੇ ਤਲਾਸ਼ੀ ਦੌਰਾਨ ਉਕਤ ਪਾਸੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਕਤ ਵਿਅਕਤੀ ਨੂੰ ਹਿਰਾਸਤ ਵਿਚ ਲੈਕੇ ਥਾਣਾ ਸਿਟੀ ਮਲੋਟ ਵਿਖੇ ਐਨ.ਡੀ.ਪੀ.ਐਸ.ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਕ ਹੋਰ ਮਾਮਲੇ ਵਿਚ ਏ.ਐੱਸ.ਆਈ.ਸ਼ਵਿੰਦਰ ਸਿੰਘ ਸਮੇਤ ਟੀਮ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ। ਮੁਖ਼ਬਰ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਵਿਕਾਸ ਇਟਕਾਨ ਉਰਫ ਸੂਰਜ ਪੁੱਤਰ ਜੈਵੀਰ ਸਿੰਘ ਵਾਸੀ ਧੱਕਾ ਬਸਤੀ ਬਾਹਰੇ ਰਾਜਾਂ ਤੋਂ ਸ਼ਰਾਬ ਲਿਆ ਕਿ ਸਸਤੇ ਭਾਅ 'ਤੇ ਵੇਚਦਾ ਹੈ। ਇਸ ਮਾਮਲੇ 'ਤੇ ਪੁਲਸ ਨੇ ਕਾਰਵਾਈ ਕਰਕੇ ਉਕਤ ਵਿਅਕਤੀ ਨੂੰ 23ਬੋਤਲਾਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਸਮੇਤ ਕਾਬੂ ਕਰ ਲਿਆ। ਪੁਲਸ ਨੇ ਉਕਤ ਵਿਰੁੱਧ ਸਿਟੀ ਮਲੋਟ ਵਿਖੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਵੱਲੋਂ ਕਾਬੂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।