ਅਧਿਕਾਰੀਆਂ-ਕਰਮਚਾਰੀਆਂ ਨੂੰ ਸਨਮਾਨਤ ਕਰਨ ਦੇ ਫੈਸਲੇ ਦਾ ਸਖ਼ਤ ਵਿਰੋਧ ਕਰਾਂਗੇ : ਔਲਖ

Friday, Jul 19, 2024 - 05:52 PM (IST)

ਜੈਤੋ (ਪਰਾਸ਼ਰ) : ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਰਾਸ਼ਟਰਪਤੀ ਐਵਾਰਡ ਦੇਣ ਦੀ ਸਿਫ਼ਾਰਸ਼ ਕਰਨ ਦਾ ਸਰਕਾਰ ਦਾ ਫ਼ੈਸਲਾ ਨਿੰਦਣਯੋਗ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਇਸ ਫ਼ੈਸਲੇ ਦੀ ਸਖ਼ਤ ਨਿਖੇਧੀ ਕਰਦਾ ਹੈ ਅਤੇ ਇਸ ਫੈਸਲੇ ਦਾ ਵਿਰੋਧ ਕਰੇਗਾ। ਜੇਕਰ ਸਨਮਾਨਿਤ ਕਰਨਾ ਹੈ ਤਾਂ ਦੇਸ਼ ਦੇ ਉਨ੍ਹਾਂ ਜਵਾਨਾਂ ਦਾ ਸਨਮਾਨ ਕਰੋ ਜੋ ਹਰ ਰੋਜ਼ ਸਰਹੱਦ 'ਤੇ ਸ਼ਹੀਦ ਹੋ ਰਹੇ ਹਨ। ਭਾਰਤੀ ਕਿਸਾਨ ਏਕਤਾ (ਬੀ.ਕੇ.ਈ.) ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਗੋਲੀਆਂ ਚਲਾ ਕੇ ਅਤੇ ਜ਼ਹਿਰੀਲੀ ਗੈਸ ਛੱਡ ਕੇ ਤਸ਼ੱਦਦ ਕੀਤਾ। ਇਸ ਦੌਰਾਨ ਇਕ ਨੌਜਵਾਨ ਕਿਸਾਨ ਸ਼ੁਭਕਰਨ ਵੀ ਸ਼ਹੀਦ ਹੋ ਗਿਆ ਸੀ। ਕਈ ਕਿਸਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਅਤੇ ਕਈਆਂ ਦੇ ਹੱਥ-ਪੈਰ ਟੁੱਟ ਗਏ। ਸ਼ੰਭੂ ਅਤੇ ਖਨੋਰੀ ਸਰਹੱਦ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਵਿਚਕਾਰ ਕਿਸੇ ਕੋਲ ਕੋਈ ਵੀ ਅਬਿਆਰ ਨਹੀਂ ਸੀ ਪਰ ਸਰਕਾਰ ਨੇ ਨਿਹੱਥੇ ਕਿਸਾਨਾਂ 'ਤੇ ਹਮਲਾ ਕਰਕੇ ਆਪਣੀ ਬੇਰਹਿਮੀ ਦਾ ਸਬੂਤ ਦਿੱਤਾ। 

ਔਲਖ ਨੇ ਕਿਹਾ ਕਿ ਹੁਣ ਹਾਈ ਕੋਰਟ ਨੇ ਕੁਝ ਦਿਨ ਪਹਿਲਾਂ ਸਰਕਾਰ ਨੂੰ ਬਾਰਡਰ ਖੋਲ੍ਹਣ ਅਤੇ ਕਿਸਾਨਾਂ ਨੂੰ ਦਿੱਲੀ ਜਾਣ ਦੇਣ ਦੇ ਹੁਕਮ ਦਿੱਤੇ ਸਨ ਪਰ ਇਸ ਦੇ ਬਾਵਜੂਦ ਹਰਿਆਣਾ ਸਰਕਾਰ ਹਾਈ ਕੋਰਟ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਗਈ, ਇੱਥੋਂ ਵੀ ਸਰਕਾਰ ਤੋਂ ਕੋਈ ਰਾਹਤ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ ਪਰ ਦੂਜੇ ਪਾਸੇ ਕਿਸਾਨਾਂ ’ਤੇ ਅਣਗਿਣਤ ਅੱਤਿਆਚਾਰ ਕਰਕੇ ਕਿਸਾਨ ਵਿਰੋਧੀ ਹੋਣ ਦਾ ਪੁਖਤਾ ਸਬੂਤ ਦੇ ਰਹੀ ਹੈ। ਕਿਸਾਨਾਂ 'ਤੇ ਸ਼ਰੇਆਮ ਧੱਕੇਸ਼ਾਹੀਆਂ ਕਰਨ ਵਾਲੇ ਅਜੈ ਮਿਸ਼ਰਾ ਟੈਨੀ ਨੂੰ ਭਾਜਪਾ ਵੱਲੋਂ ਲੋਕ ਸਭਾ ਟਿਕਟ ਦਿੱਤੀ ਗਈ, ਜੋ ਕਿ ਬੇਹੱਦ ਸ਼ਰਮਨਾਕ ਹੈ। ਇਸ ਤੋਂ ਇਲਾਵਾ ਬਸਤਾ ਬਸਤਾੜਾ ਟੋਲ 'ਤੇ ਇੰਸਪੈਕਟਰ ਹਰਜਿੰਦਰ ਖਹਿਰਾ ਨੇ  ਕਿਸਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਆਈਏਐਸ ਅਧਿਕਾਰੀ ਆਯੂਸ ਸਿਨਹਾ ਨੇ ਕਿਸਾਨਾਂ ਦੇ ਸਿਰ ਪਾੜਨ ਦੀ ਗੱਲ ਵੀ ਕਹੀ ਸੀ। ਜੇਲ੍ਹ ਵਿਚ ਬੰਦ ਨਵਦੀਪ ਜਲਵੇੜਾ ਨੂੰ ਥਰਡ ਡਿਗਰੀ ਟਾਰਚਰ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਇਹ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਸੁਰਖੀਆਂ 'ਚ ਰਿਹਾ ਸੀ। ਉਨ੍ਹਾਂ ਕਿਹਾ ਕਿ ਸੜਕਾਂ ਖੁੱਲ੍ਹਦੇ ਹੀ ਕਿਸਾਨ ਦਿੱਲੀ ਵੱਲ ਵਧਣਗੇ। ਇਸ ਲਈ ਕਿਸਾਨਾਂ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਔਲਖ ਨੇ ਦੱਸਿਆ ਕਿ ਕਰਨਾਲ ਦੇ ਪਿੰਡ ਅਮੂਪੁਰ ਵਿਚ 4 ਸਿੱਖ ਪਰਿਵਾਰਾਂ ਦੇ ਘਰ ਢਾਹ ਦਿੱਤੇ ਗਏ ਹਨ। 

ਉਨ੍ਹਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ 88 ਏਕੜ ਵਿਚ 200 ਦੇ ਕਰੀਬ ਮਕਾਨ ਬਣਾਏ ਗਏ ਹਨ ਪਰ ਉਨ੍ਹਾਂ ਵਿੱਚੋਂ ਸਿਰਫ ਚਾਰ ਸਿੱਖ ਪਰਿਵਾਰਾਂ ਦੇ ਹੀ ਘਰ ਢਾਏ ਗਏ ਹਨ, ਜਿਨ੍ਹਾਂ ਨੂੰ ਆਪਣੇ ਘਰਾਂ ਵਿਚੋਂ ਸਮਾਨ ਵੀ ਨਹੀਂ ਕੱਢਣ ਦਿੱਤਾ ਗਿਆ। ਔਲਖ ਨੇ ਕਿਹਾ ਕਿ ਜਦੋਂ ਗਲੀ ਮਹੱਲੇ ਜਾਂ ਬਾਜ਼ਾਰਾਂ ਵਿਚੋਂ ਪ੍ਰਸ਼ਾਸਨ ਵੱਲੋਂ ਰੇਹੜੀਆਂ ਹਟਾਈਆਂ ਜਾਂਦੀਆਂ ਹਨ ਤਾਂ  ਤਾਂ ਇਹ ਸਾਰੀਆਂ ਪਾਰਟੀਆਂ ਉਸ ਦੇ ਹੱਕ 'ਚ ਆ ਕੇ ਰੌਲਾ ਪਾਉਣ ਲੱਗ ਜਾਂਦੀਆਂ ਹਨ ਪਰ ਜਦੋਂ ਘਰ ਢਹੇ ਗਏ ਤਾਂ ਵਿਰੋਧੀ ਧਿਰ ਦੇ ਕਿਸੇ ਵੀ ਆਗੂ ਜਾਂ ਹੋਰ ਪਾਰਟੀਆਂ ਨੇ ਇਸ 'ਤੇ ਕੋਈ ਬਿਆਨ ਨਹੀਂ ਦਿੱਤਾ। ਜਿਸ ਕਾਰਨ ਵਿਰੋਧੀ ਧਿਰ ਦਾ ਚਿਹਰਾ ਵੀ ਨੰਗਾ ਹੋ ਗਿਆ ਹੈ। ਵਿਧਾਨ ਸਭਾ ਚੋਣਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਔਲਖ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਚੁਣਾਵੀ ਰਾਜਨੀਤੀ ਤੋਂ ਬਾਹਰ ਹੈ। ਅਸੀਂ ਕਿਸਾਨਾਂ 'ਤੇ ਹੋਏ ਤਸ਼ੱਦਦ ਦੀ ਹਰ ਇਕ ਗੱਲ ਵੀਡੀਓ ਰਾਹੀਂ ਹਰਿਆਣੇ ਦੀਆਂ 90 ਵਿਧਾਨ ਸਭਾ ਹਲਕਿਆਂ ਵਿਚ ਲੈ ਕੇ ਜਾਵਾਂਗੇ ਆਪਣੇ 'ਤੇ ਹੋਏ ਜ਼ੁਲਮਾਂ ਦੀ ਦਾਸਤਾਂ ਜਨਜਨ ਅੱਗੇ ਰੱਖਾਂਗੇ। ਫੈਸਲਾ ਜਨਤਾ ਨੇ ਕਰਨਾ ਹੈ। ਕਿਸਾਨ ਵਿਰੋਧੀ ਕੰਮ ਕਰਨ ਵਾਲੀ ਸਰਕਾਰ ਨੂੰ ਜਨਤਾ ਇਸ ਦਾ ਜਵਾਬ ਦੇਵੇਗੀ। ਇਸ ਮੌਕੇ ਪ੍ਰਕਾਸ਼ ਮਮੇਰਾ ਨੇ ਕਿਹਾ ਕਿ ਜੇਕਰ ਸਰਕਾਰ ਸਤਿਕਾਰ ਦੇਣਾ ਚਾਹੁੰਦੀ ਹੈ ਤਾਂ ਇਕ ਵਾਰ ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਿਨ੍ਹਾਂ ਨੇ ਕਿਸਾਨਾਂ 'ਤੇ ਗੋਲੀਆਂ ਚਲਾਈਆਂ ਸਰਹੱਦ 'ਤੇ ਭੇਜੇ, ਜਿੱਥੇ ਸਾਡੇ ਦੇਸ਼ ਦੇ ਜਵਾਨ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਵੀ ਪਤਾ ਲੱਗੇ ਕਿ ਸਨਮਾਨ ਕੀ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਨਾਲ ਅੰਗਰੇਜ਼ ਸਿੰਘ ਕੋਟਲੀ, ਤਲਵਿੰਦਰ ਸਿੰਘ ਸੋਖੀ, ਜਗਦੀਸ਼ ਸਵਾਮੀ ਵੀ ਹਾਜ਼ਰ ਸਨ।


Gurminder Singh

Content Editor

Related News