ਕਿਸਾਨ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਵੀਡੀਓ, ਆੜ੍ਹਤੀਏ ਸਮੇਤ ਤਿੰਨ ''ਤੇ ਲਾਏ ਗੰਭੀਰ ਇਲਜ਼ਾਮ

06/09/2023 5:26:00 PM

ਮਲੋਟ (ਜੁਨੇਜਾ) : ਪਿੰਡ ਘੱਗਾ ਦੇ ਇਕ ਕਿਸਾਨ ਵੱਲੋਂ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਕਿਸਾਨ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਪੈਸਿਆਂ ਦੇ ਲੈਣ-ਦੇਣ ਕਾਰਨ ਆੜਤੀ ਅਤੇ ਉਸਦੇ ਸਾਥੀਆਂ ਵੱਲੋਂ ਕਿਸਾਨ ਨੂੰ ਤੰਗ ਕੀਤਾ ਜਾ ਰਿਹਾ ਸੀ, ਜਿਸ ਕਰਕੇ ਮ੍ਰਿਤਕ ਪ੍ਰੇਸ਼ਾਨ ਰਹਿੰਦਾ ਸੀ। ਉੱਥੇ ਹੀ ਮ੍ਰਿਤਕ ਨੇ ਮਰਨ ਤੋਂ ਪਹਿਲਾਂ ਇਕ ਵੀਡੀਓ ਬਣਾ ਕੇ ਆੜਤੀ ਸਮੇਤ 3 ਵਿਅਕਤੀਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਵੀ ਦੱਸਿਆ ਹੈ। 

ਇਹ ਵੀ ਪੜ੍ਹੋ- ਸੜਕ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ, CM ਮਾਨ ਨੇ ਕੀਤਾ ਐਲਾਨ

ਜਾਣਕਾਰੀ ਅਨੁਸਾਰ ਪਿੰਡ ਘੱਗਾ ਵਾਸੀ ਹਰਮੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਬੁੱਧਵਾਰ ਨੂੰ ਸਲਫ਼ਾਸ ਦੀਆਂ ਗੋਲੀਆਂ ਖਾ ਲਈਆਂ। ਜਿਸ ਨੂੰ ਪਹਿਲਾਂ ਮਲੋਟ ਦੇ ਇਕ ਨਿੱਜੀ ਹਸਪਤਾਲ ਤੇ ਫਿਰ ਭੁੱਚੋਂ ਅਦੇਸ਼ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਹਸਪਤਾਲ ਵਿਚ ਹਰਮੰਦਰ ਸਿੰਘ ਨੇ ਇਕ ਵੀਡੀਓ ਰਾਹੀਂ ਦੱਸਿਆ ਕਿ ਉਸ ਨੇ ਇਹ ਕਦਮ ਆੜਤੀ ਸੁਨੀਲ ਕੁਮਾਰ ਜੱਜੀ, ਪਾਲ ਸਿੰਘ ਭੁੱਲਰ ਸਮੇਤ ਵਿਅਕਤੀਆਂ ਵੱਲੋਂ ਪ੍ਰੇਸ਼ਾਨ ਕਰਨ 'ਤੇ ਚੁੱਕ ਰਿਹਾ ਹੈ। ਮ੍ਰਿਤਕ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ ਆੜ੍ਹਤੀਏ ਵੱਲੋਂ ਪ੍ਰਨੋਟਾਂ ਅਸ਼ਟਾਮਾਂ 'ਤੇ ਦਸਤਾਖ਼ਤ ਕਰਾਵਾ ਕੇ ਰੱਖੇ ਗਏ ਸਨ, ਜਿਸ ਕਰਕੇ ਉਹ ਧੱਕੇ ਨਾਲ ਜ਼ਮੀਨ ਦੀ ਰਜਿਸਟਰੀ ਕਰਾਉਣਾ ਚਾਹੁੰਦਾ ਸੀ। 

ਇਹ ਵੀ ਪੜ੍ਹੋ- ਵਿਦੇਸ਼ਾਂ 'ਚ ਪੰਜਾਬੀ ਕੁੜੀਆਂ ਦੇ ਹੋ ਰਹੇ ਸੋਸ਼ਣ ਨੂੰ ਲੈ ਕੇ ਪੰਜਾਬ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ

ਉਸ ਨੇ ਦੱਸਿਆ ਕਿ ਆੜ੍ਹਤੀਆਂ ਵੱਲੋਂ ਇਕ ਹੋਰ ਕਿਸਾਨ ਜੰਗੀਰ ਸਿੰਘ ਨਾਲ ਮਿਲ ਕੇ ਉਨ੍ਹਾਂ ਦੀ ਜ਼ਮੀਨ ਦੀ ਰਜਿਸਟਰੀ ਕਰਾਉਣਾ ਚਾਹੁੰਦੇ ਸੀ, ਜਿਸ ਕਰਕੇ ਪ੍ਰੇਸ਼ਾਨੀ ਦੀ ਹਾਲਤ ਵਿਚ ਉਸਦੇ ਪਤੀ ਨੇ ਇਹ ਕਦਮ ਚੁੱਕਿਆ ਹੈ। ਮਲੋਟ ਸਿਵਲ ਹਸਪਤਾਲ ਵਿਚ ਪੁੱਜੇ ਬੀ. ਕੇ. ਯੂ. ਸਿੱਧੂਪੁਰ ਦੇ ਪ੍ਰਧਾਨ ਬਲਜੀਤ ਸਿੰਘ ਬੋਦੀਵਾਲਾ, ਜ਼ਿਲ੍ਹਾ ਆਗੂ ਨਿਰਮਲ ਸਿੰਘ ਸਮੇਤ ਹੋਰ ਵੀ ਕਈ ਆਗੂਆਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਮਲੋਟ ਸਦਰ ਪੁਲਸ ਵੱਲੋਂ ਬਲਵਿੰਦਰ ਕੌਰ ਦੇ ਬਿਆਨਾਂ 'ਤੇ ਉਕਤ ਤਿੰਨਾਂ ਖ਼ਿਲਾਫ਼ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਸਮੇਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਾਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News