ਰੇਲਵੇ ਪੁਲਸ ਵੱਲੋਂ ਰੇਲ ਗੱਡੀਆਂ ਤੇ ਸ਼ੱਕੀ ਵਿਅਕਤੀਅਾਂ ਦੀ ਚੈਕਿੰਗ
Thursday, Nov 29, 2018 - 05:24 PM (IST)

ਫਰੀਦਕੋਟ (ਰਾਜਨ)- ਏ. ਡੀ. ਜੀ. ਪੀ. ਰੇਲਵੇ ਪੰਜਾਬ ਆਈ. ਪੀ. ਐੱਸ. ਸਹੋਤਾ ਅਤੇ ਏ. ਆਈ. ਜੀ. ਦਲਜੀਤ ਸਿੰਘ ਰਾਣਾ ਦੇ ਹੁਕਮਾਂ ਅਨੁਸਾਰ ਬਾਹਰਲੇ ਸੂਬਿਅਾਂ ਜੰਮੂ-ਕੱਟਡ਼ਾ ਵੱਲੋਂ ਆਉਣ ਵਾਲੀਆਂ ਰੇਲ ਗੱਡੀਅਾਂ ਅਤੇ ਯਾਤਰੀਅਾਂ ਦੀ ਸੁਰੱਖਿਆ ਲਈ ਥਾਣਾ ਜੀ. ਆਰ. ਪੀ. ਫ਼ਰੀਦਕੋਟ ਵੱਲੋਂ ਸ਼ੱਕੀ ਵਿਅਕਤੀਅਾਂ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਰੇਲਵੇ ਸਟੇਸ਼ਨ ’ਤੇ ਚੈਕਿੰਗ ਕਰਦੇ ਸਮੇਂ ਥਾਣਾ ਜੀ. ਆਰ. ਪੀ. ਮੁਖੀ ਸੁਖਦੇਵ ਸਿੰਘ ਲਾਡਾ ਨੇ ਦੱਸਿਆ ਕਿ ਐੱਸ. ਆਈ. ਹਰਿੰਦਰ ਸਿੰਘ, ਏ. ਐੱਸ. ਆਈ ਜੋਗਿੰਦਰ ਸਿੰਘ, ਹਰਦੀਪ ਕੁਮਾਰ ਅਤੇ ਲਖਵੀਰ ਸਿੰਘ ਸਮੇਤ ਪੁਲਸ ਪਾਰਟੀ, ਆਰ. ਪੀ. ਐੱਫ਼. ਅਤੇ ਐਂਟੀ-ਸਾਬੋਟੇਜ ਚੈਕਿੰਗ ਟੀਮ ਦੇ ਇੰਚਾਰਜ ਏ. ਐੱਸ. ਆਈ. ਕੁਲਦੀਪ ਸਿੰਘ ਵੱਲੋਂ ਰੇਲ ਗੱਡੀਅਾਂ, ਸ਼ੱਕੀ ਵਿਅਕਤੀਅਾਂ ਅਤੇ ਉਨ੍ਹਾਂ ਦੇ ਸਾਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਖਾਸ ਕਰ ਕੇ ਜੰਮੂ, ਅਹਿਮਦਾਬਾਦ ਅਤੇ ਬਠਿੰਡਾ ਤੋਂ ਜੰਮੂ ਜਾਣ ਵਾਲੀਆਂ ਰੇਲ ਗੱਡੀਆਂ ਦੀ ਚੈਕਿੰਗ ਵਾਧੂ ਸਮਾਂ ਲਾ ਕੇ ਬਾਰੀਕੀ ਨਾਲ ਕੀਤੀ ਜਾਂਦੀ ਹੈ। ਆਮ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਸਾਮਾਨ ਲਾਵਾਰਿਸ ਰੂਪ ਵਿਚ ਨਜ਼ਰ ਆਉਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਰੇਲਵੇ ਪੁਲਸ ਨੂੰ ਦਿੱਤੀ ਜਾਵੇ। ਰੇਲਵੇ ਸਟੇਸ਼ਨ ਦੀ ਸੁਰੱਖਿਆ ਲਈ ਪੰਜ ਸੀ. ਸੀ. ਟੀ. ਵੀ ਕੈਮਰੇ ਲਾ ਕੇ ਪੂਰੇ ਸਟੇਸ਼ਨ ਨੂੰ ਕਵਰ ਕੀਤਾ ਗਿਆ ਹੈ ਅਤੇ ਜ਼ਿਲੇ ਅਧੀਨ ਪੈਂਦੀਆਂ ਚੌਕੀਆਂ ਕੋਟਕਪੂਰਾ, ਮੋਗਾ ਅਤੇ ਅਸਾਲਟ ਪੋਸਟ ਜੈਤੋ ’ਤੇ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਠਾਨਕੋਟ ਇਲਾਕੇ ਵਿਚ ਮਿਲੀ ਅਲਟੋ ਕਾਰ ਅਤੇ 6 ਸ਼ੱਕੀ ਵਿਅਕਤੀਅਾਂ ਦੇ ਮਿਲਣ ਕਰ ਕੇ ਇਹ ਚੌਕਸੀ ਵਧਾਈ ਗਈ ਹੈ।