ਪੰਜਾਬ ਨੈਸ਼ਨਲ ਬੈਂਕ ਭਾਗਸਰ ਦੇ ਬਾਹਰ ਏ. ਟੀ. ਐੱਮ. ਮਸ਼ੀਨ ਲਾਉਣ ਦੀ ਮੰਗ
Sunday, Nov 11, 2018 - 03:23 PM (IST)

ਫਰੀਦਕੋਟ (ਸੁਖਪਾਲ, ਪਵਨ) - ਪਿੰਡ ਭਾਗਸਰ ਦੇ ਵਾਸੀ ਸਰਵਨ ਸਿੰਘ ਧਾਲੀਵਾਲ, ਰਾਜਵੀਰ ਸਿੰਘ ਮੈਂਬਰ ਪੰਚਾਇਤ, ਮਹਿੰਦਰ ਸਿੰਘ ਛਿੰਦੀ ਮੈਂਬਰ ਪੰਚਾਇਤ, ਪਰਮਿੰਦਰ ਸਿੰਘ ਬਿੱਟੂ ਬਰਾਡ਼, ਦਿਲਬਾਗ ਸਿੰਘ ਬਰਾਡ਼, ਮਨਿੰਦਰ ਸਿੰਘ ਬਰਾਡ਼, ਅੰਮ੍ਰਿਤਪਾਲ ਸਿੰਘ ਬਰਾਡ਼, ਪ੍ਰਿਤਪਾਲ ਸਿੰਘ ਬਰਾਡ਼, ਰਜਿੰਦਰ ਸਿੰਘ ਬਰਾਡ਼, ਜਸਵਿੰਦਰ ਸਿੰਘ ਸਾਬਕਾ ਮੈਂਬਰ, ਸੇਵਾ ਮੁਕਤ ਪ੍ਰਿੰ. ਜਸਵੰਤ ਸਿੰਘ ਬਰਾਡ਼ ਨੇ ਪੰਜਾਬ ਨੈਸ਼ਨਲ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਭਾਗਸਰ ਦੇ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਏ. ਟੀ. ਐੱਮ. ਮਸ਼ੀਨ ਲਾਈ ਜਾਵੇ ਤਾਂ ਕਿ ਲੋਕਾਂ ਨੂੰ ਪੈਸੇ ਕਢਵਾਉਣ ਵਿਚ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਬੈਂਕ ਬੰਦ ਹੋਣ ਕਰ ਕੇ ਲੋਕਾਂ ਨੂੰ ਇੱਥੋਂ 15 ਕਿਲੋਮੀਟਰ ਦੂਰ ਸ੍ਰੀ ਮੁਕਤਸਰ ਸਾਹਿਬ ਜਾ ਕੇ ਪੈਸੇ ਕਢਵਾਉਣੇ ਪੈਂਦੇ ਹਨ। ਛੁੱਟੀਆਂ ’ਚ ਵੀ ਅਜਿਹਾ ਹੀ ਹੁੰਦਾ ਹੈ। ਭਾਵੇਂ ਪਿੰਡ ਵਿਚ ਸਰਕਾਰੀ ਬੈਂਕ ਤਾਂ ਹੈ ਪਰ ਏ. ਟੀ. ਐੱਮ. ਮਸ਼ੀਨ ਦੀ ਸਹੂਲਤ ਨਹੀਂ ਮਿਲ ਰਹੀ। ਜ਼ਿਕਰਯੋਗ ਹੈ ਕਿ ਉਕਤ ਪਿੰਡ ਵਿਚ ਤਿੰਨ ਵੱਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਦੋ ਸਰਕਾਰੀ ਪ੍ਰਾਇਮਰੀ ਸਕੂਲ ਚੱਲ ਰਹੇ ਹਨ ਤੇ ਇਨ੍ਹਾਂ ਸਕੂਲਾਂ ਦੇ ਅਨੇਕਾਂ ਅਧਿਆਪਕਾਂ ਦਾ ਉਕਤ ਬੈਂਕ ਵਿਚ ਲੈਣ-ਦੇਣ ਹੈ। ਇਸ ਤੋਂ ਇਲਾਵਾ ਹੋਰ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਵੀ ਪਿੰਡ ਵਿਚ ਹਨ, ਜੇਕਰ ਏ. ਟੀ. ਐੱਮ. ਮਸ਼ੀਨ ਚੱਲਦੀ ਹੋਵੇ ਤਾਂ ਇਨ੍ਹਾਂ ਮੁਲਾਜ਼ਮਾਂ ਦਾ ਸਮਾਂ ਵੀ ਖਰਾਬ ਨਹੀਂ ਹੋਵਗਾ। ਪਿੰਡ ’ਚ ਦਾਣਾ ਮੰਡੀ ਵੀ ਹੈ ਅਤੇ ਹਾਡ਼੍ਹੀ, ਸਾਉਣੀ ਮੌਕੇ ਕਿਸਾਨਾਂ ਨੂੰ ਪੈਸਿਅਾਂ ਦੀ ਲੋਡ਼ ਪੈਂਦੀ ਰਹਿੰਦੀ ਹੈ। ਭਾਗਸਰ ਪਿੰਡ ਤੋਂ ਇਲਾਵਾ ਮਹਾਂਬੱਧਰ, ਗੰਧਡ਼ ਅਤੇ ਕੁਝ ਹੋਰ ਪਿੰਡਾਂ ਦੇ ਲੋਕ ਵੀ ਇਸ ਬੈਂਕ ਵਿਚ ਪੈਸਿਅਾਂ ਦਾ ਲੈਣ ਕਰਦੇ ਹਨ। ਉਕਤ ਪਿੰਡ ਦੀ ਅਾਬਾਦੀ 12 ਹਜ਼ਾਰ ਤੋਂ ਵੱਧ ਹੈ। ਗ੍ਰਾਮ ਪੰਚਾਇਤ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਭਾਗਸਰ ਵਿਖੇ ਇਕ ਹੋਰ ਬੈਂਕ ਖੋਲ੍ਹਿਆ ਜਾਵੇ ਕਿਉਂਕਿ ਉਕਤ ਪਿੰਡ ਬਹੁਤ ਵੱਡਾ ਹੈ। ਲੋਕਾਂ ਨੂੰ ਬੰਦ ਪਈਆਂ ਮਸ਼ੀਨਾਂ ਦਾ ਕੋਈ ਲਾਭ ਨਹੀਂ ਜ਼ਿਕਰਯੋਗ ਹੈ ਕਿ 3 ਸਾਲ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਭਾਗਸਰ ਵਿਖੇ ਏ. ਟੀ. ਐੱਮ. ਮਸ਼ੀਨ ਭੇਜੀ ਗਈ ਸੀ, ਜਿਸ ਨੂੰ ਬੈਂਕ ਦੇ ਪ੍ਰਬੰਧਕਾਂ ਨੇ ਬੈਂਕ ਤੋਂ ਬਾਹਰ ਕਮਰਾ ਬਣਾ ਕੇ ਰੱਖਣ ਦੀ ਥਾਂ ਬੈਂਕ ਦੀ ਇਮਾਰਤ ਵਿਚ ਹੀ ਰੱਖ ਲਿਆ ਸੀ ਪਰ ਕੁਝ ਕੁ ਮਹੀਨੇ ਚੱਲਣ ਤੋਂ ਬਾਅਦ ਇਹ ਮਸ਼ੀਨ ਖਰਾਬ ਹੋ ਗਈ ਅਤੇ ਉਦੋਂ ਤੋਂ ਹੀ ਇਹ ਬੰਦ ਪਈ ਹੈ। ਬੈਂਕ ਵਿਚ 2 ਏ. ਟੀ. ਐੱਮ. ਮਸ਼ੀਨਾਂ ਕਬਾਡ਼ ਬਣੀਅਾਂ ਪਈਆਂ ਹਨ ਅਤੇ ਲੋਕਾਂ ਨੂੰ ਬੰਦ ਪਈਆਂ ਇਨ੍ਹਾਂ ਮਸ਼ੀਨਾਂ ਦਾ ਕੋਈ ਲਾਭ ਨਹੀਂ ਹੈ।