ਮਲੋਟ ''ਚ ਚਿੱਟਾ ਵੇਚਣ ਵਾਲੇ ਵਿਅਕਤੀ ਨੂੰ ਨੌਜਵਾਨਾਂ ਨੇ ਕੀਤਾ ਕਾਬੂ, ਵੀਡੀਓ ਵਾਇਰਲ
Tuesday, Apr 11, 2023 - 10:54 AM (IST)

ਮਲੋਟ (ਜੁਨੇਜਾ) : ਪੰਜਾਬ ਅੰਦਰ ਨਸ਼ੇ ਦੀ ਵਿਕਰੀ ਰੁਕਣ ਦਾ ਨਾਂ ਨਹੀਂ ਲੈ ਰਹੀ। ਅਜਿਹਾ ਹੀ ਮਾਮਲਾ ਸਦਰ ਮਲੋਟ ਥਾਣੇ ਅਧੀਨ ਆਉਂਦੇ ਪਿੰਡ ਮਲੋਟ ਤੋਂ ਸਾਹਮਣੇ ਆਇਆ ਹੈ, ਜਿੱਥੇ ਨਸ਼ਾ ਰੋਕਣ ਦੇ ਮਾਮਲੇ ਵਿਚ ਸਦਰ ਪੁਲਸ ਦੀ ਬੇਵਸੀ ਤੋਂ ਬਾਅਦ ਪਿੰਡ ਮਲੋਟ ਦੇ ਕੁਝ ਨੌਜਵਾਨ ਇਸ ਕੰਮ ਨੂੰ ਆਪਣੇ ਹੱਥ ਵਿਚ ਲੈਣ ਲੱਗੇ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਅਨੁਸਾਰ ਪਿੰਡ ਮਲੋਟ ਦੇ ਇਕ ਵਿਅਕਤੀ ਨੂੰ ਪਿੰਡ ਦੇ ਹੀ ਨੌਜਵਾਨ ਘੇਰ ਕੇ ਚਿੱਟਾ ਵੇਚਣ ਬਾਰੇ ਉਸਦੀ ਜਵਾਬ ਤਲਬੀ ਕਰਦੇ ਹਨ। ਨੌਜਵਾਨ ਉਕਤ ਵਿਅਕਤੀ ਦੇ ਜੇਬ ਵਿਚੋਂ ਮੋਮੀ ਕਾਗਜ਼ਾਂ ਵਿਚ ਚਿੱਟਾ ਬਰਾਮਦ ਕਰਨ ਦਾ ਦਾਅਵਾ ਕਰਦੇ ਹਨ ਅਤੇ ਫਿਰ ਉਸਨੂੰ ਨਸ਼ਟ ਕਰ ਦਿੰਦੇ ਹਨ।
ਇਹ ਵੀ ਪੜ੍ਹੋ- ਇਨਸਾਨੀਅਤ ਦੀ ਮਿਸਾਲ, ਫਾਜ਼ਿਲਕਾ ’ਚ ਸਸਕਾਰ ਰੋਕ ਲੋਕਾਂ ਨੇ ਅੱਗ ਦੀਆਂ ਲਪਟਾਂ ’ਚ ਘਿਰੇ ਦਾਦੇ-ਪੋਤੀ ਦੀ ਬਚਾਈ ਜਾਨ
ਨੌਜਵਾਨ ਕਹਿੰਦੇ ਵਿਖਾਈ ਦਿੱਤੇ ਹਨ ਕਿ ਤੂੰ ਇਸ ਤੋਂ ਪਹਿਲਾਂ ਵੀ ਤੌਬਾ ਕੀਤੀ ਸੀ। ਇਸ ਦੌਰਾਨ ਇਹ ਨੌਜਵਾਨ ਚਿੱਟਾ ਵੇਚਣ ਵਾਲੇ ਵਿਅਕਤੀ ਦੀ ਖਿੱਚਧੂਹ ਵੀ ਕਰਦੇ ਹਨ। ਵੀਡੀਓ ਵਿਚ ਉਹ ਵਿਅਕਤੀ ਭਵਿੱਖ ਵਿਚ ਨਸ਼ਾ ਨਾ ਵੇਚਣ ਦੀ ਕਸਮ ਵੀ ਖਾਂਦਾ ਹੈ, ਜਿਸ ਤੋਂ ਬਾਅਦ ਨੌਜਵਾਨ ਉਸਨੂੰ ਛੱਡ ਦਿੰਦੇ ਹਨ। ਇਸ ਵੀਡੀਓ ਵਿਚ ਸਦਰ ਮਲੋਟ ਪੁਲਸ ਦੀ ਨਾਕਾਮੀ ਸਾਫ਼ ਦਿਖ ਰਹੀ ਹੈ, ਜਿੱਥੇ ਪਿੰਡ ਵਿਚ ਥਾਣਾ ਹੋਣ ਦੇ ਬਾਵਜੂਦ ਕੋਈ ਵਿਅਕਤੀ ਨਸ਼ਾ ਵੇਚ ਰਿਹਾ ਹੈ, ਜਿਸ ਨੂੰ ਪੁਲਸ ਨਹੀਂ ਪਿੰਡ ਦੇ ਨੌਜਵਾਨ ਫੜਦੇ ਹਨ। ਪਿੰਡ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਇਹ ਵਿਅਕਤੀ ਸ਼ਰੇਆਮ ਨਸ਼ਾ ਵੇਚਦਾ ਹੈ ਅਤੇ ਪੁਲਸ ਸਭ ਪਤਾ ਹੋਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਕਰ ਰਹੀ। ਇਸ ਘਟਨਾ ’ਤੇ ਡੀ. ਐੱਸ. ਪੀ. ਮਲੋਟ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ।
ਇਹ ਵੀ ਪੜ੍ਹੋ- ਜ਼ਹਿਰੀਲੀ ਸ਼ਰਾਬ ਕਾਰਣ ਹੋਈਆਂ 3 ਮੌਤਾਂ ਮਗਰੋਂ ਐਕਸ਼ਨ 'ਚ ਪਿੰਡ ਦੀ ਪੰਚਾਇਤ, ਪਾਸ ਕੀਤਾ ਖ਼ਾਸ ਮਤਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।