ਕਾਰ ਨੂੰ ਟੱਕਰ ਮਾਰਨ ’ਤੇ ਟਰੈਕਟਰ ਚਾਲਕ ਖਿਲਾਫ ਮਾਮਲਾ ਦਰਜ
Saturday, Jan 04, 2025 - 05:39 PM (IST)
ਮਲੋਟ (ਜੁਨੇਜਾ) : ਥਾਣਾ ਸਦਰ ਮਲੋਟ ਦੀ ਪੁਲਸ ਨੇ ਟਰੈਕਟਰ ਪਿੱਛੇ ਜੁਗਾੜ ਨੁਮਾ ਲੈਂਟਰ ਵਾਲੀ ਮਸ਼ੀਨ ਪਾ ਕੇ ਹਾਦਸੇ ਦਾ ਕਾਰਨ ਬਣੇ ਇਕ ਵਿਅਕਤੀ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਹਰਪ੍ਰੀਤ ਸਿੰਘ ਪੁੱਤਰ ਸ਼ਰਧਾ ਸਿੰਘ ਵਾਸੀ ਈਨਾਖੇੜਾ ਨੇ ਦੱਸਿਆ ਕਿ ਉਹ 29 ਦਸੰਬਰ ਨੂੰ ਕੋਰਟ ਕੰਪਲੈਕਸ ਤੋਂ ਆਪਣੀ ਸਵਿਫ਼ਟ ਕਾਰ ਨੰਬਰ ਪੀ. ਬੀ. 53 ਬੀ. 2268 ’ਤੇ ਸਵਾਰ ਹੋ ਕੇ ਆਪਣੇ ਘਰ ਢਾਣੀ ਈਨਾਖੇੜਾ ਜਾ ਰਿਹਾ ਸੀ।
ਰਾਤ ਕਰੀਬ ਸਾਢੇ 8 ਵਜੇ ਫਲਾਈਓਵਰ ਰਕਬਾ ਪਿੰਡ ਮਲੋਟ ਵਿਖੇ ਮੱਸਾ ਸਿੰਘ ਪੁੱਤਰ ਦਰਸ਼ਨ ਸਿੰਘ ਆਪਣੇ ਆਈਸ਼ਰ ਟਰੈਕਟਰ ਦੇ ਪਿੱਛੇ ਜੁਗਾੜ ਕਰ ਕੇ ਲੈਂਟਰ ਵਾਲੀ ਮਸ਼ੀਨ ਪਾ ਕੇ ਜਾ ਰਿਹਾ ਸੀ, ਜਿਸ ਦੇ ਗਾਡਰ ਬਾਹਰ ਵਧੇ ਹੋਏ ਸਨ। ਇਸ ਤੋਂ ਸਾਵਧਾਨੀ ਲਈ ਕੋਈ ਰਿਫਲੈਕਟਰ ਜਾਂ ਲਾਈਟਾਂ ਨਹੀਂ ਲਾਈਆਂ ਸਨ ਤੇ ਚਾਲਕ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ। ਜਦੋਂ ਮੁਦਈ ਉਸ ਨੂੰ ਓਵਰਟੇਕ ਕਰਨ ਲੱਗਾ ਤਾਂ ਚਾਲਕ ਦੀ ਲਾਪ੍ਰਵਾਹੀ ਨਾਲ ਉਸ ਦੇ ਟਰੈਕਟਰ ਪਿੱਛੇ ਪਾਈ ਮਸ਼ੀਨ ਦੇ ਵਧੇ ਗਾਡਰ ਕਾਰ ਦੇ ਟਾਇਰ ’ਚ ਵੱਜੇ ਤੇ ਟਾਇਰ ਫੱਟ ਗਿਆ, ਜਿਸ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਖਤਾਨਾਂ ’ਚ ਜਾ ਡਿੱਗੀ। ਇਹ ਹਾਦਸਾ ਉਕਤ ਟਰੈਕਟਰ ਚਾਲਕ ਦੀ ਲਾਪ੍ਰਾਵਾਹੀ ਨਾਲ ਵਾਪਰਿਆ ਹੈ। ਇਸ ਮਾਮਲੇ ’ਤੇ ਸਦਰ ਮਲੋਟ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਏ. ਐੱਸ. ਆਈ. ਹਰਬੰਸ ਸਿੰਘ ਕਰ ਰਿਹਾ ਹੈ।